ਭੁੱਖ ਹੜਤਾਲ ''ਤੇ ਬੈਠੇ ''ਸੋਈ'' ਦੇ ਇਕਬਾਲਪ੍ਰੀਤ ਦੀ ਸਿਹਤ ਵਿਗੜੀ
Thursday, Apr 05, 2018 - 07:43 AM (IST)
 
            
            ਚੰਡੀਗੜ੍ਹ (ਰਸ਼ਮੀ ਹੰਸ) - ਪੰਜਾਬ ਯੂਨੀਵਰਸਿਟੀ ਦੇ ਲੜਕੀਆਂ ਦੇ ਹੋਸਟਲ ਨੰਬਰ 3 ਦੇ ਬਾਹਰ ਚਾਰ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ 'ਸੋਈ' ਨਾਲ ਜੁੜੇ ਇਕਬਾਲਪ੍ਰੀਤ ਸਿੰਘ ਦੀ ਸਿਹਤ ਅੱਜ ਵਿਗੜ ਗਈ। ਇਕਬਾਲਪ੍ਰੀਤ ਨੂੰ ਸੈਕਟਰ-16 ਦੇ ਹਸਪਤਾਲ 'ਚ ਲਿਜਾਇਆ ਗਿਆ। ਡੀ. ਐੱਸ. ਡਬਲਿਊ. ਪ੍ਰੋ. ਨਾਹਰ, ਪ੍ਰੋ.  ਨਵਦੀਪ ਗੋਇਲ ਤੇ ਚੀਫ ਸਕਿਓਰਿਟੀ ਅਫਸਰ ਪ੍ਰੋ. ਅਸ਼ਵਨੀ ਕੌਲ ਵੀ ਉਨ੍ਹਾਂ ਨੂੰ ਦੇਖਣ ਪੁੱਜੇ। ਹਸਪਤਾਲ 'ਚ ਇਕਬਾਲਪ੍ਰੀਤ ਨੂੰ ਗੁਲੂਕੋਜ਼ ਚੜ੍ਹਾਇਆ ਗਿਆ। ਇਸ ਤੋਂ ਬਾਅਦ ਇਕਬਾਲ ਵਾਪਸ ਆ ਕੇ ਫਿਰ ਭੁੱਖ ਹੜਤਾਲ 'ਤੇ ਬੈਠ ਗਏ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਅੰਡਰ ਗ੍ਰੈਜੂਏਟ ਲੜਕੀਆਂ ਦੀ ਹੋਸਟਲ 'ਚ ਐਂਟਰੀ ਕਰਨ ਦੇ ਸਮੇਂ ਨੂੰ ਵਧਾ ਦਿੱਤਾ ਜਾਵੇਗਾ। ਇਹ ਸਮਾਂ ਰਾਤ 12 ਵਜੇ ਤਕ ਕਰ ਦਿੱਤਾ ਜਾਵੇਗਾ। ਉਥੇ ਹੀ ਪੋਸਟ ਗ੍ਰੈਜੂਏਟ ਤੇ ਪੀ. ਐੱਚ. ਡੀ. ਵਿਦਿਆਰਥਣਾਂ ਲਈ 24 ਘੰਟੇ ਹੋਸਟਲ ਖੋਲ੍ਹ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹੋਸਟਲਾਂ 'ਚ ਲੜਕੀਆਂ 'ਤੇ ਲੱਗਣ ਵਾਲੇ ਫਾਈਨ ਨੂੰ ਵੀ ਘਟਾ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਬਾਰੇ ਵਿਦਿਆਰਥੀਆਂ ਨੂੰ ਵੀਰਵਾਰ ਲਿਖਤੀ ਰੂਪ 'ਚ ਦੇਣ ਲਈ ਕਿਹਾ ਗਿਆ ਹੈ।
ਐੱਸ. ਐੱਫ. ਐੱਸ. ਦੇ ਮੈਂਬਰ ਵੀ ਬੈਠੇ ਅਣ-ਐਲਾਨੇ ਧਰਨੇ 'ਤੇ
ਪੰਜਾਬ ਯੂਨੀਵਰਸਿਟੀ ਦੇ ਐੱਸ. ਐੱਫ. ਐੱਸ. ਨੇ ਵੀ. ਸੀ. ਦਫ਼ਤਰ ਸਾਹਮਣੇ ਅਣਐਲਾਨਿਆ ਧਰਨਾ ਸ਼ੁਰੂ ਕਰ ਦਿੱਤਾ ਹੈ। ਐੱਸ. ਐੱਫ. ਐੱਸ. ਵਲੋਂ ਧਰਨੇ 'ਤੇ ਹਰਮਨ, ਹਸਨਪ੍ਰੀਤ ਕੌਰ, ਸਤਵਿੰਦਰ ਕੌਰ ਤੇ ਵਰਿੰਦਰ ਸਿੰਘ ਬੈਠੇ ਹਨ। ਇਸ ਦੌਰਾਨ ਵਿਦਿਆਰਥੀਆਂ ਨੇ ਹੋਸਟਲ ਅਲਾਟਮੈਂਟ 'ਚ ਟਰਾਂਸਪੇਰੈਂਸੀ, ਲੜਕੀਆਂ ਦੇ ਹੋਸਟਲ 'ਚ 24 ਘੰਟੇ ਐਂਟਰੀ, ਫੈਸਟੀਵਲ ਦੇ ਬਿੱਲ ਨੂੰ ਆਡਿਟ ਕਰਨ ਦੀ ਮੰਗ ਕੀਤੀ। ਵਿਦਿਆਰਥੀਆਂ ਨੇ ਗੈਸਟ ਰੂਮ ਨੂੰ ਵੀ 24 ਘੰਟੇ ਖੋਲ੍ਹਣ ਤੇ ਸੀ. ਬੀ. ਸੀ. ਐੱਸ. ਸਿਸਟਮ ਤਹਿਤ 80 ਫੀਸਦੀ ਕਰੈਡਿਟ ਨੂੰ ਖਤਮ ਕਰਨ ਦੀ ਵੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਮੰਗ ਹੈ ਕਿ ਫੀਸ ਵਧਾਉਣ ਲਈ ਜੋ ਮਤਾ ਆਇਆ ਹੈ, ਉਸਨੂੰ ਵੀ ਵਾਪਸ ਲਿਆ ਜਾਵੇ। ਕੰਟੀਨ ਤੇ ਮੈੱਸ 'ਤੇ ਜੀ. ਐੱਸ. ਟੀ. ਨਹੀਂ ਲਾਇਆ ਜਾਣਾ ਚਾਹੀਦਾ।  

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            