ਜਲੰਧਰ ਡੀ. ਸੀ. ਦਫ਼ਤਰ 'ਚ ਹੰਗਾਮਾ, ਸ਼ੀਤਲ ਅੰਗੁਰਾਲ ਨੇ ਕੀਤੀ ਦਫ਼ਤਰਾਂ 'ਚ ਚੈਕਿੰਗ, ਸਟਾਫ਼ ਨਾਲ ਹੋਈ ਬਹਿਸ

07/23/2022 10:40:14 AM

ਜਲੰਧਰ (ਚੋਪੜਾ)– ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਸ਼ੁੱਕਰਵਾਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਵੱਖ-ਵੱਖ ਵਿਭਾਗਾਂ ਤੋਂ ਇਲਾਵਾ ਰਿਜਨਲ ਟਰਾਂਸਪੋਰਟ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਸਾਹਮਣੇ ਵੱਖ-ਵੱਖ ਵਿਭਾਗਾਂ ਵਿਚ ਫੈਲੇ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੇ ਦੋਸ਼ ਲਾਏ। ਇਸ ਤੋਂ ਪਹਿਲਾਂ ਮੀਡੀਆ ਕਰਮਚਾਰੀਆਂ ਨਾਲ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੇ ਦਫ਼ਤਰ ਪੁੱਜੇ ਵਿਧਾਇਕ ਅੰਗੁਰਾਲ ਨੂੰ ਕਾਫ਼ੀ ਸਮਾਂ ਬਾਹਰ ਹੀ ਇੰਤਜ਼ਾਰ ਕਰਨਾ ਪਿਆ, ਜਦੋਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਇਕੱਲੇ ਅੰਦਰ ਆਉਣ ਦਾ ਮੈਸੇਜ ਭਿਜਵਾਇਆ ਪਰ ਵਿਧਾਇਕ ਅੰਗੁਰਾਲ ਦੀ ਜ਼ਿੱਦ ਰਹੀ ਕਿ ਉਹ ਮੀਡੀਆ ਕਰਮਚਾਰੀਆਂ ਨਾਲ ਹੀ ਅੰਦਰ ਆਉਣਗੇ, ਨਹੀਂ ਤਾਂ ਬਾਹਰ ਹੀ ਧਰਨਾ ਲਾ ਕੇ ਬੈਠ ਜਾਣਗੇ।

ਇਸ ਤੋਂ ਬਾਅਦ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਜਾਣ ਦਿੱਤਾ ਗਿਆ। ਡਿਪਟੀ ਕਮਿਸ਼ਨਰ ਦੇ ਸਾਹਮਣੇ ਵਿਧਾਇਕ ਅੰਗੁਰਾਲ ਨੇ ਏ. ਡੀ. ਸੀ., ਸੈਕਟਰੀ ਆਰ. ਟੀ. ਏ. ਅਤੇ ਸੁਪਰਿੰਟੈਂਡੈਂਟ ਦੀ ਕਾਰਜਸ਼ੈਲੀ ’ਤੇ ਕੁਝ ਮਾਮਲਿਆਂ ਨੂੰ ਲੈ ਕੇ ਉਂਗਲੀ ਵੀ ਉਠਾਈ। ਵਿਧਾਇਕ ਅੰਗੁਰਾਲ ਨੇ ਕਿਹਾ ਕਿ ਪਿਛਲੇ ਮਹੀਨੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਸਰੀਨ ਨੇ ਆਰੀਅਨ ਅਕੈਡਮੀ ਨਾਂ ਦੀ ਇਕ ਟਰੈਵਲ ਏਜੰਸੀ ਦੇ ਲਾਇਸੈਂਸ ਨੂੰ ਸਸਪੈਂਡ ਕੀਤਾ ਸੀ ਪਰ ਏ. ਡੀ. ਸੀ. ਦੇ ਛੁੱਟੀ ’ਤੇ ਰਹਿਣ ਵਾਲੇ ਦਿਨ ਈਮੇਲ ਜ਼ਰੀਏ ਰਿਪਲਾਈ ਦੇ 10 ਮਿੰਟਾਂ ਬਾਅਦ ਹੀ ਉਸ ਦੇ ਲਾਇਸੈਂਸ ਨੂੰ ਬਹਾਲ ਕਰ ਦਿੱਤਾ ਗਿਆ। ਉਥੇ ਹੀ , ਸੈਕਟਰੀ ਆਰ. ਟੀ. ਏ. ਦਫਤਰ ਵਿਚ ਸਕੂਟਰ ਦੇ ਵੀ. ਆਈ. ਪੀ. ਨੰਬਰ ਨੂੰ ਜਾਅਲੀ ਦਸਤਾਵੇਜ਼ ਲਾ ਕੇ ਕਿਸੇ ਹੋਰ ਵਾਹਨ ਨੂੰ ਟਰਾਂਸਫ਼ਰ ਕਰ ਦਿੱਤਾ ਗਿਆ, ਜਦੋਂ ਕਿ ਜਿਸ ਲੜਕੇ ਦਾ ਸਕੂਟਰ ਹੈ, ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ, ਜਦੋਂ ਕਿ ਲੜਕੇ ਦਾ ਪਿਤਾ ਪਿਛਲੇ 6 ਮਹੀਨਿਆਂ ਤੋਂ ਆਰ. ਟੀ. ਓ. ਦੇ ਧੱਕੇ ਖਾਣ ’ਤੇ ਮਜਬੂਰ ਹੈ।

ਇਹ ਵੀ ਪੜ੍ਹੋ: ਫਿਲੌਰ 'ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨੂੰ ਘਰ 'ਚ ਬੰਦੀ ਬਣਾ ਕੇ ਕੀਤਾ ਜਬਰ-ਜ਼ਿਨਾਹ
ਵਿਧਾਇਕ ਅੰਗੁਰਾਲ ਨੇ ਡਿਪਟੀ ਕਮਿਸ਼ਨਰ ਨੂੰ ਸੁਪਰਿੰਟੈਂਡੈਂਟ ਪਰਮਿੰਦਰ ਕੌਰ ਦੇ ਦਫ਼ਤਰ ਵਿਚ ਪ੍ਰਾਈਵੇਟ ਏਜੰਟਾਂ ਦੇ ਬੋਲਬਾਲੇ ਅਤੇ ਕੰਮਾਂ ਨੂੰ ਲੈ ਕੇ ਰਿਸ਼ਵਤਖੋਰੀ ਦੇ ਵੀ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਆਮ ਜਨਤਾ ਸਵੇਰੇ ਤੋਂ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਇੰਤਜ਼ਾਰ ਕਰਨ ਨੂੰ ਮਜਬੂਰ ਹੈ ਪਰ ਪ੍ਰਾਈਵੇਟ ਕਰਿੰਦਿਆਂ ਦੇ ਕੰਮ ਹੱਥੋ-ਹੱਥ ਕਰ ਦਿੱਤੇ ਜਾਂਦੇ ਹਨ। ਡਿਪਟੀ ਕਮਿਸ਼ਨਰ ਦੇ ਸਾਹਮਣੇ ਵਿਧਾਇਕ ਅੰਗੁਰਾਲ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਸਿਖਰ ’ਤੇ ਹੋਣ ਕਾਰਨ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਉਹ ਵਿਧਾਇਕ ਰਹਿਣ ਜਾਂ ਨਾ ਰਹਿਣ ਪਰ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਨਗੇ।

PunjabKesari

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਇਨ੍ਹਾਂ ਮਾਮਲਿਆਂ ਦੀ ਖੁਦ ਜਾਂਚ ਕਰਵਾਉਣਗੇ ਅਤੇ ਇਕ ਹਫਤੇ ਅੰਦਰ ਸਾਰੀ ਸੱਚਾਈ ਸਾਹਮਣੇ ਲਿਆਉਣਗੇ। ਇਸ ਤੋਂ ਪਹਿਲਾਂ ਵਿਧਾਇਕ ਅੰਗੁਰਾਲ ਸੈਕਟਰੀ ਆਰ. ਟੀ. ਏ. ਰਜਤ ਓਬਰਾਏ ਨੂੰ ਵੀ ਜਾਅਲੀ ਦਸਤਾਵੇਜ਼ ਦੇ ਆਧਾਰ ’ਤੇ ਟਰਾਂਸਫਰ ਹੋਏ ਨੰਬਰ ਨੂੰ ਲੈ ਕੇ ਮਿਲੇ ਅਤੇ ਉਨ੍ਹਾਂ ਨੂੰ ਦਸਤਾਵੇਜ਼ਾਂ ਦੀ ਜਾਂਚ ਕਰ ਕੇ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਉਣ ਨੂੰ ਵੀ ਕਿਹਾ। ਇਸ ਉਪਰੰਤ ਉਹ ਕੰਪਲੈਕਸ ਵਿਚ ਵੱਖ-ਵੱਖ ਕੰਮਾਂ ਨੂੰ ਲੈ ਕੇ ਮੌਜੂਦ ਕਈ ਲੋਕਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਦੀਆਂ ਦਿੱਕਤਾਂ ਸੁਣੀਆਂ। ਇਸ ਤੋਂ ਬਾਅਦ ਵਿਧਾਇਕ ਐੱਮ. ਏ. ਬ੍ਰਾਂਚ ਸਮੇਤ ਕਈ ਵਿਭਾਗਾਂ ਵਿਚ ਵੀ ਗਏ, ਜਿੱਥੇ ਉਨ੍ਹਾਂ ਲੋਕਾਂ ਦੇ ਕੰਮਾਂ ਨੂੰ ਲੈ ਕੇ ਕੀਤੀ ਜਾ ਰਹੀ ਗੈਰ-ਜ਼ਰੂਰੀ ਦੇਰੀ ਸਬੰਧੀ ਕਰਮਚਾਰੀਆਂ ਕੋਲੋਂ ਜਵਾਬ-ਤਲਬੀ ਵੀ ਕੀਤੀ। ਇਸ ਤੋਂ ਇਲਾਵਾ ਟਰੈਵਲ ਏਜੰਸੀ ਨੂੰ ਸਸਪੈਂਡ ਕਰਨ ਸਬੰਧੀ ਫਾਈਲ ਦੀ ਵੀ ਜਾਂਚ ਕੀਤੀ। ਵਿਧਾਇਕ ਨੇ ਕਿਹਾ ਕਿ ਉਹ ਨਿਯਮਿਤ ਤੌਰ ’ਤੇ ਡੀ. ਸੀ. ਆਫਿਸ ਵਿਚ ਆਉਂਦੇ ਰਹਿਣਗੇ ਅਤੇ ਜਿਸ ਕਿਸੇ ਵੀ ਵਿਅਕਤੀ ਕੋਲੋਂ ਕੰਮ ਦੇ ਬਦਲੇ ਰਿਸ਼ਵਤ ਮੰਗੀ ਜਾਵੇ ਜਾਂ ਬਿਨਾਂ ਵਜ੍ਹਾ ਦੇਰੀ ਕੀਤੀ ਜਾਵੇ, ਉਹ ਮਾਮਲੇ ਸਬੰਧੀ ਮੇਰੇ ਤੱਕ ਪਹੁੰਚੇ, ਉਹ ਹਰੇਕ ਗਲਤ ਕੰਮ ਦਾ ਸਖ਼ਤ ਨੋਟਿਸ ਲੈਣਗੇ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ

ਐੱਨ. ਓ. ਸੀ. ਤੋਂ ਬਿਨਾਂ ਰਜਿਸਟਰੀ ਨਾ ਹੋਣ ਦੇ ਸਵਾਲ ’ਤੇ ਖੁਦ ਹੀ ਘਿਰੇ ਵਿਧਾਇਕ ਅੰਗੁਰਾਲ
ਵਿਧਾਇਕ ਅੰਗੁਰਾਲ ਇਸ ਤੋਂ ਬਾਅਦ ਸਬ-ਰਜਿਸਟਰਾਰ ਦਫਤਰ ਪੁੱਜੇ, ਜਿਥੇ ਉਨ੍ਹਾਂ ਨੂੰ ਲੋਕਾਂ ਨੇ ਐੱਨ. ਓ. ਸੀ. ਤੋਂ ਬਿਨਾਂ ਰਜਿਸਟਰੀ ਨਾ ਹੋਣ ਕਾਰਨ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧ ਵਿਚ ਸਬ-ਰਜਿਸਟਰਾਰ-2 ਪ੍ਰਵੀਨ ਕੁਮਾਰ ਨਾਲ ਵੀ ਗੱਲ ਕੀਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਵਿਚ ਬਿਨਾਂ ਐੱਨ. ਓ. ਸੀ. ਦੇ ਰਜਿਸਟਰੀ ਕਰਨ ’ਤੇ ਰੋਕ ਲਾਈ ਹੋਈ ਹੈ ਅਤੇ ਐੱਨ. ਓ. ਸੀ. ਤੋਂ ਬਿਨਾਂ ਰਜਿਸਟਰੀ ਕਰਨ ਦੇ ਦੋਸ਼ਾਂ ਨੂੰ ਲੈ ਕੇ ਪੰਜਾਬ ਦੇ 3 ਸਬ-ਰਜਿਸਟਰਾਰਾਂ ਨੂੰ ਸਸਪੈਂਡ ਕੀਤਾ ਹੋਇਆ ਹੈ, ਜਿਸ ’ਤੇ ਵਿਧਾਇਕ ਅੰਗੁਰਾਲ ਨੇ ਇਸ ਮੁੱਦੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਸਰਕਾਰ ਜਲਦ ਅਨਅਪਰੂਵਡ ਕਾਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਨਵੀਂ ਪਾਲਿਸੀ ਲਿਆਵੇਗੀ।

ਜਦੋਂ ਤੈਸ਼ ਵਿਚ ਆ ਗਏ ਏ. ਡੀ. ਸੀ. ਅਮਿਤ ਸਰੀਨ, ਕਿਹਾ-ਭੋਲੇ-ਭਾਲੇ ਬੱਚਿਆਂ ਨੂੰ ਠੱਗਣ ਵਾਲੇ ਏਜੰਟਾਂ ’ਤੇ ਹਰ ਹਾਲਤ ’ਚ ਹੋਵੇਗੀ ਕਾਰਵਾਈ
ਵਿਧਾਇਕ ਸ਼ੀਤਲ ਅੰਗੁਰਾਲ ਨੇ ਜਦੋਂ ਆਰੀਅਨ ਅਕੈਡਮੀ ਦਾ ਮਾਮਲਾ ਡਿਪਟੀ ਕਮਿਸ਼ਨਰ ਦੇ ਸਾਹਮਣੇ ਉਠਾਇਆ, ਉਦੋਂ ਏ. ਡੀ. ਸੀ. ਅਮਿਤ ਸਰੀਨ ਪਹਿਲਾਂ ਤੋਂ ਹੀ ਮੌਕੇ ’ਤੇ ਮੌਜੂਦ ਸਨ। ਜਦੋਂ ਵਿਧਾਇਕ ਨੇ ਇਸ ਮਾਮਲੇ ਵਿਚ ਮਿਲੀਭੁਗਤ ਦੇ ਦੋਸ਼ ਲਾਏ ਤਾਂ ਏ. ਡੀ. ਸੀ. ਅਮਿਤ ਸਰੀਨ ਵੀ ਤੈਸ਼ ਵਿਚ ਆ ਗਏ। ਉਨ੍ਹਾਂ ਕਿਹਾ ਕਿ ਭੋਲੇ-ਭਾਲੇ ਵਿਦਿਆਰਥੀਆਂ ਨੂੰ ਠੱਗਣ ਵਾਲੇ ਟਰੈਵਲ ਏਜੰਟਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਜ਼ਿਲਾ ਪ੍ਰਸ਼ਾਸਨ ਨੇ 1100 ਲਾਇਸੈਂਸ ਜਾਰੀ ਕੀਤੇ ਹੋਏ ਹਨ, ਜਿਨ੍ਹਾਂ ਵਿਚੋਂ 4 ਟਰੈਵਲ ਏਜੰਟਾਂ ’ਤੇ ਐੱਫ. ਆਈ. ਆਰ. ਵੀ ਦਰਜ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਜਦੋਂ ਕੋਈ ਮੰਤਰੀ ਜਾਂ ਵੀ. ਆਈ. ਪੀ. ਆਉਂਦੇ ਹਨ ਤਾਂ ਕੀ ਉਹ ਡਿਊਟੀ ’ਤੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਜੇ ਮੈਂ ਗਲਤ ਹਾਂ ਤਾਂ ਮੈਨੂੰ ਗੋਲ਼ੀ ਮਾਰ ਦਿਓ। ਵਿਧਾਇਕ ਅੰਗੁਰਾਲ ਨੇ ਕਿਹਾ ਕਿ ਉਹ ਅਧਿਕਾਰੀ ਦੇ ਰਵੱਈਏ ਦਾ ਮਾਮਲਾ ਮੁੱਖ ਮੰਤਰੀ ਸਾਹਮਣੇ ਉਠਾਉਣਗੇ।

ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News