ਮਨੁੱਖੀ ਸਮੱਗਲਿੰਗ ਮਾਮਲੇ ’ਚ 2 ਔਰਤਾਂ ਸਮੇਤ 5 ਮੁਲਜ਼ਮ ਗ੍ਰਿਫ਼ਤਾਰ

03/29/2023 3:44:52 PM

ਮੋਹਾਲੀ (ਪਰਦੀਪ) : ਬਲੌਂਗੀ ਥਾਣਾ ਪੁਲਸ ਵਲੋਂ ਦਰਜ ਕੀਤੇ ਗਏ ਮਨੁੱਖੀ ਸਮੱਗਲਿੰਗ ਨਾਲ ਸਬੰਧਤ ਕੇਸ ਵਿਚ ਪੁਲਸ ਨੇ 2 ਔਰਤਾਂ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਲੰਧਰ ਨਿਵਾਸੀ ਸੋਨੀਆ (47), ਮਲਕੀਤ ਸਿੰਘ (29), ਵਿਨੈ ਸੇਠ (22), ਲੁਧਿਆਣਾ ਦੀ ਰਹਿਣ ਵਾਲੀ ਸਰਬਜੀਤ ਕੌਰ (43) ਤੇ ਗੌਰਵ ਸਹੋਤਾ (19) ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਕੋਲੋਂ 8 ਲੱਖ ਦੀ ਨਕਦੀ, 26 ਲੱਖ ਦੀਆਂ 2 ਕਾਰਾਂ, 2 ਲੱਖ ਦਾ ਮੋਟਰਸਾਈਕਲ ਅਤੇ 5 ਲੱਖ ਦਾ ਇਲੈਕਟ੍ਰੋਨਿਕ ਸਾਮਾਨ ਬਰਾਮਦ ਕੀਤਾ ਹੈ।

ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਉਨ੍ਹਾਂ ਨੂੰ ਅਮਰੀਕਾ ਸਥਿਤ ਮੈਕਸੀਕੋ ਭੇਜਣ ਦਾ ਝਾਂਸਾ ਦਿੰਦੇ ਸਨ। ਇਸ ਤੋਂ ਬਾਅਦ ਮੁਲਜ਼ਮ ਇਨ੍ਹਾਂ ਨੂੰ ਦਿੱਲੀ ਤੋਂ ਨੇਪਾਲ ਜਾਂ ਇੰਡੋਨੇਸ਼ੀਆ ਲਿਜਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹੋਏ ਉਨ੍ਹਾਂ ਨੂੰ ਗੰਨ ਪੁਆਇੰਟ ’ਤੇ ਲੈ ਕੇ ਉਨ੍ਹਾਂ ਦੇ ਪਰਿਵਾਰ ਤੋਂ 40 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਫਿਰੌਤੀ ਮੰਗਦੇ ਸਨ। ਜਾਂਚ ਵਿਚ ਸਾਹਮਣੇ ਆਇਆ ਕਿ ਹਾਲ ਹੀ ਵਿਚ ਮੁਲਜ਼ਮਾਂ ਨੇ 10 ਲੋਕਾਂ ਨੂੰ ਬੰਦੀ ਬਣਾ ਕੇ ਨੇਪਾਲ ਵਿਚ ਰੱਖਿਆ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਪ੍ਰਤੀ ਵਿਅਕਤੀ 70 ਲੱਖ ਰੁਪਏ ਵਸੂਲ ਕੀਤੇ ਸਨ।

2 ਕੇਸਾਂ ’ਚ 10 ਮੁਲਜ਼ਮ ਗ੍ਰਿਫ਼ਤਾਰ

ਪੁਲਸ ਨੇ ਬਲੌਂਗੀ ਅਤੇ ਸਦਰ ਖਰੜ ਥਾਣੇ ਵਿਚ ਦਰਜ ਮਨੁੱਖੀ ਸਮੱਗਲਿੰਗ ਦੇ ਦੋਵਾਂ ਕੇਸਾਂ ਵਿਚ ਹੁਣ ਤਕ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸਤੋਂ ਇਲਾਵਾ ਪੁਲਸ ਮੁਲਜ਼ਮਾਂ ਕੋਲੋਂ 9 ਕਰੋੜ, 39 ਲੱਖ 18 ਹਜ਼ਾਰ ਰੁਪਏ ਦਾ ਸਾਮਾਨ ਅਤੇ ਨਕਦੀ ਬਰਾਮਦ ਕਰ ਚੁੱਕੀ ਹੈ।


Gurminder Singh

Content Editor

Related News