ਜਾਣੋ ਕਿੰਨੀ ਜਾਇਦਾਦ ਦੇ ਮਾਲਕ ਹਨ ਸੰਗਰੂਰ ਜ਼ਿਮਨੀ ਚੋਣ ਲੜਨ ਵਾਲੇ ਉਮੀਦਵਾਰ
Tuesday, Jun 07, 2022 - 05:35 PM (IST)
ਸੰਗਰੂਰ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਬੀਤੇ ਦਿਨੀਂ ਆਪਣੇ ਉਮੀਦਵਾਰ ਐਲਾਨ ਦਿੱਤੇ ਸਨ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਦੇ ਆਖਰੀ ਦਿਨ ਸੋਮਵਾਰ ਨੂੰ 18 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ। ਇਨ੍ਹਾਂ ਚੋਣਾਂ ਦੀ ਸੂਚੀ ਮੁਤਾਬਕ ਕੁੱਲ 21 ਉਮੀਦਵਾਰ ਮੈਦਾਨ ਵਿਚ ਉਤਰੇ ਸਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਣੀ ਸੀ ਅਤੇ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 23 ਜੂਨ ਨੂੰ ਵੋਟਾਂ ਪੈਣਗੀਆਂ ਅਤੇ 26 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨਾਮਜ਼ਦਗੀਆਂ ਦਾਖਲ ਕਰਨ ਵਾਲਿਆਂ ਵਿਚ ‘ਆਪ’ ਤੋਂ ਗੁਰਮੇਲ ਸਿੰਘ, ਕਾਂਗਰਸ ਤੋਂ ਦਲਬੀਰ ਸਿੰਘ ਗੋਲਡੀ, ਭਾਜਪਾ ਤੋਂ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਬ) ਤੋਂ ਕਮਲਦੀਪ ਕੌਰ ਰਾਜੋਆਣਾ, ਸ਼੍ਰੋਮਣੀ ਅਕਾਲੀ ਦਲ (ਅ) ਤੋਂ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਪੱਪੂ ਕੁਮਾਰ, ਕਵਰਿੰਗ ਉਮੀਦਵਾਰ ਕਰਨਇੰਦਰ ਸਿੰਘ ਢਿੱਲੋਂ, ਗਗਨਦੀਪ ਸ਼ਾਮਲ ਹਨ। ਨਾਮਜ਼ਦਗੀਆਂ ਦੇ ਆਖਰੀ ਦਿਨ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਰਿਟਰਨਿੰਗ ਅਫ਼ਸਰ ਕੋਲ ਪੂਰਾ ਦਿਨ ਉਮੀਦਵਾਰਾਂ ਦੀ ਕਤਾਰ ਲੱਗੀ ਰਹੀ।
ਇਹ ਵੀ ਪੜ੍ਹੋ- ਕਾਂਗਰਸ ਨੂੰ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ, 6 ਵਿਧਾਇਕਾਂ ਦੀ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤ
*ਭਾਜਪਾ ਦੇ ਉਮੀਦਵਾਰ ਅਤੇ ਉਦਯੋਗਪਤੀ ਕੇਵਲ ਸਿੰਘ ਢਿੱਲੋਂ (72) ਨੇ ਬੀ.ਏ-1 ਤੱਕ ਪੜ੍ਹਾਈ ਕੀਤੀ ਹੈ। ਕੇਵਲ ਸਿੰਘ ਢਿੱਲੋਂ ਮਹਿੰਗੀਆਂ ਘੜੀਆਂ, ਹੀਰੇ ਅਤੇ ਗਹਿਣੇ ਰੱਖਣ ਦੇ ਸ਼ੌਕੀਨ ਹਨ। ਢਿੱਲੋਂ ਕਰੀਬ 132.98 ਕਰੋੜ ਰੁਪਏ ਦੇ ਮਾਲਕ ਹਨ। ਇਸ ਵਿੱਚੋਂ ਉਨ੍ਹਾਂ ਕੋਲ 26.28 ਕਰੋੜ ਰੁਪਏ ਦੀ ਚੱਲ ਅਤੇ 30 ਕਰੋੜ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਕੋਲ ਕਰੀਬ 1.03 ਲੱਖ ਰੁਪਏ ਦੀ ਨਕਦੀ ਹੈ। ਢਿੱਲੋਂ ਦੇ ਨਾਂ 'ਤੇ ਕੋਈ ਕਾਰ ਨਹੀਂ ਹੈ।
*ਅਕਾਲੀ ਦਲ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਉਮੀਦਵਾਰ ਐਲਾਨਿਆਂ ਹੈ। ਕਮਲਦੀਪ ਕੌਰ (44) ਨੇ ਬੀ.ਏ. ਤੱਕ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਕੋਲ ਕਰੀਬ 36.59 ਲੱਖ ਰੁਪਏ ਦੀ ਜਾਇਦਾਦ ਹੈ। ਕਮਲਦੀਪ ਕੋਲ ਕਰੀਬ 4,65,853 ਰੁਪਏ ਦੀ ਚੱਲ ਜਾਇਦਾਦ ਅਤੇ 31.50 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਕੋਲ 25 ਹਜ਼ਾਰ ਰੁਪਏ ਨਕਦ ਅਤੇ ਇੱਕ ਸਕੂਟੀ ਹੈ।
*ਦਲਬੀਰ ਗੋਲਡੀ (40) ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਨੂੰ ਕਾਂਗਰਸ ਵੱਲੋਂ ਉਮੀਦਵਾਰ ਐਲਾਨਿਆਂ ਗਿਆ ਹੈ। ਗੋਲਡੀ ਕੋਲ ਕੁੱਲ 84.49 ਲੱਖ ਰੁਪਏ ਦੀ ਜਾਇਦਾਦ ਦਾ ਮਾਲਕ ਹੈ। ਇਸ ਕੋਲ 5.98 ਲੱਖ ਰੁਪਏ ਦੀ ਚੱਲ ਜਾਇਦਾਦ ਅਤੇ 17.50 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਕੋਲ 3 ਲੱਖ 15 ਹਜ਼ਾਰ ਦੇ ਗਹਿਣੇ ਹਨ।
ਇਹ ਵੀ ਪੜ੍ਹੋ- ਸੰਗਰੂਰ ਉਪ ਚੋਣ 'ਚ ਭਾਜਪਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ: ਜੀਵਨ ਗੁਪਤਾ
*ਗੁਰਮੇਲ ਸਿੰਘ ਘਰਾਚਾਂ ਪਿੰਡ ਦੇ ਸਰਪੰਚ ਹਨ ਅਤੇ 1.36 ਕਰੋੜ ਦੀ ਜਾਇਦਾਦ ਦਾ ਮਾਲਕ ਹਨ । ਗੁਰਮੇਲ ਸਿੰਘ ਕਿੱਤੇ ਵਜੋਂ ਕਿਸਾਨ ਹਨ। ਉਨ੍ਹਾਂ ਨੂੰ 'ਆਪ' ਵੱਲੋਂ ਉਮੀਦਵਾਰ ਐਲਾਨਿਆਂ ਗਿਆ ਹੈ। ਗੁਰਮੇਲ ਸਿੰਘ (38) ਐੱਮ.ਬੀ.ਏ. ਕੀਤੀ ਹੋਈ ਹੈ। ਇਸ ਕੋਲ 9.16 ਲੱਖ ਚੱਲ ਅਤੇ 1.22 ਕਰੋੜ ਅਚੱਲ ਜਾਇਦਾਦ ਹੈ। ਗੁਰਮੇਲ ਕੋਲ 70 ਹਜ਼ਾਰ ਦੀ ਨਕਦੀ, ਕਾਰ, ਸਕੂਟੀ, 55 ਗ੍ਰਾਮ ਦੇ ਗਹਿਣੇ ਹਨ।
*ਸਿਮਰਨਜੀਤ ਸਿੰਘ ਮਾਨ ਆਪਣੀ ਪਾਰਟੀ ਅਕਾਲੀ ਦਲ (ਅ) ਵੱਲੋਂ ਹੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਉਤਰਣਗੇ। ਉਹ ਕੀਤੇ ਵਜੋਂ ਕਿਸਾਨ ਹਨ। ਸਿਮਰਨਜੀਤ ਸਿੰਘ ਮਾਨ (77) ਬੀ.ਏ. ਪਾਸ ਹਨ। ਉਹ 8.37 ਕਰੋੜ ਦੇ ਮਾਲਕ ਹਨ ਜਿਸ ਵਿਚ ਉਸਦੀ 35,68,726 ਚੱਲ ਅਤੇ 8,02,00,000 ਅਚੱਲ ਜਾਇਦਾਦ ਸ਼ਾਮਲ ਹੈ। ਉਨ੍ਹਾਂ ਕੋਲ 55 ਹਜ਼ਾਰ ਦੀ ਨਕਦੀ ਅਤੇ 5 ਵੱਡੀਆਂ ਕਾਰਾਂ ਹਨ। 3 ਸਾਲਾਂ 'ਚ ਜਾਇਦਾਦ 'ਚ 2 ਕਰੋੜ ਦੀ ਕਮੀ ਆਈ ਹੈ। ਵਿਰੋਧ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।