ਕਿਸ਼ਨਗੜ੍ਹ ਦੇ ਹੋਟਲ ’ਚ ਹੋਏ ਕੁੜੀ ਦੇ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ

Sunday, Mar 12, 2023 - 06:24 PM (IST)

ਕਿਸ਼ਨਗੜ੍ਹ ਦੇ ਹੋਟਲ ’ਚ ਹੋਏ ਕੁੜੀ ਦੇ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ

ਚੰਡੀਗੜ੍ਹ (ਸੁਸ਼ੀਲ) : ਕਿਸ਼ਨਗੜ੍ਹ ਦੇ ਹੋਟਲ ਕੈਮਰੂਨ ਵਿਚ ਪਤਨੀ ਦਾ ਗਲਾ ਵੱਢ ਕੇ ਕਤਲ ਕਰਨ ਦੇ ਮਾਮਲੇ ਵਿਚ ਫਰਾਰ ਮੁਲਜ਼ਮ ਪਤੀ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਜ਼ੀਰੀ ਮੰਡੀ ਕੋਲੋਂ ਗ੍ਰਿਫਤਾਰ ਕੀਤਾ ਹੈ, ਜਿਸਦੀ ਪਛਾਣ ਬੜਮਾਜਰਾ ਨਿਵਾਸੀ ਆਸ਼ੀਸ਼ ਲੋਹਾਨੀ ਵਜੋਂ ਹੋਈ ਹੈ। ਮੁਲਜ਼ਮ ਮੂਲਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਸੀ। ਮੁਲਜ਼ਮ ਆਸ਼ੀਸ਼ ਲੋਹਾਨੀ ਨੇ ਦੱਸਿਆ ਕਿ ਪਤਨੀ ਕ੍ਰਿਸਟਲ ਕਿਸੇ ਹੋਰ ਨਾਲ ਪਿਆਰ ਕਰਨ ਲੱਗ ਪਈ ਸੀ। ਉਸਨੇ ਹੋਟਲ ਵਿਚ ਪਤਨੀ ਨੂੰ ਪ੍ਰੇਮੀ ਛੱਡ ਕੇ ਉਸ ਨਾਲ ਰਹਿਣ ਲਈ ਸਮਝਾਇਆ ਸੀ ਪਰ ਕ੍ਰਿਸਟਲ ਨਹੀਂ ਮੰਨੀ ਸੀ, ਜਿਸ ਕਾਰਨ ਕਿਸ਼ਨਗੜ੍ਹ ਦੇ ਹੋਟਲ ਵਿਚ ਪਤਨੀ ਦਾ ਕਤਲ ਕਰ ਕੇ ਫਰਾਰ ਹੋ ਗਿਆ ਸੀ। ਕ੍ਰਾਈਮ ਬ੍ਰਾਂਚ ਦੇ ਡੀ. ਐੱਸ. ਪੀ. ਰਜਨੀਸ਼ ਨੇ ਕਾਤਲ ਆਸ਼ੀਸ਼ ਲੋਹਾਨੀ ਨੂੰ ਫੜਨ ਲਈ ਐਂਟੀ ਨਾਰਕੋਟਿਕਸ ਟਾਸਕ ਫੋਰਸ ਇੰਚਾਰਜ ਇੰਸਪੈਕਟਰ ਸਤਵਿੰਦਰ ਦੀ ਅਗਵਾਈ ਵਿਚ ਤਿੰਨ ਟੀਮਾਂ ਬਣਾਈਆਂ ਸਨ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹੋਟਲ ਤੋਂ ਮੁਲਜ਼ਮ ਆਸ਼ੀਸ਼ ਦੀ ਸੀ. ਸੀ. ਟੀ. ਵੀ. ਫੁਟੇਜ , ਮੋਬਾਇਲ ਅਤੇ ਆਧਾਰ ਕਾਰਡ ਲਿਆ ਸੀ। ਇਸ ਤੋਂ ਬਾਅਦ ਕਾਤਲ ਦੀ ਭਾਲ ਸ਼ੁਰੂ ਕੀਤੀ ਸੀ। ਜਾਂਚ ਵਿਚ ਪਤਾ ਲੱਗਾ ਕਿ ਆਸ਼ੀਸ਼ ਲੋਹਾਨੀ ਨੇ ਪਤਨੀ ਕ੍ਰਿਸਟਲ ਲੋਹਾਨੀ ਦਾ ਕਤਲ ਕੀਤਾ ਸੀ।

ਇਹ ਵੀ ਪੜ੍ਹੋ : ਗੈਂਗਸਟਰਾਂ ’ਚ ਛਿੜੀ ਜੰਗ ਨੇ ਵਧਾਈ ਸੁਰੱਖਿਆ ਏਜੰਸੀਆਂ ਦੀ ਚਿੰਤਾ, ਇੰਝ ਸ਼ੁਰੂ ਹੋਈ ਖੂਨੀ ਦੁਸ਼ਮਣੀ

ਟੀਮ ਨੇ ਗੁਪਤ ਸੂਚਨਾ ’ਤੇ ਮੁਲਜ਼ਮ ਨੂੰ ਜ਼ੀਰੀ ਮੰਡੀ ਚੌਕ ਮਲੋਆ ਰੋਡ ਤੋਂ ਗ੍ਰਿਫਤਾਰ ਕੀਤਾ। ਪੁਲਸ ਨੇ ਦੱਸਿਆ ਕਿ ਹੋਟਲ ਤੋਂ ਫਰਾਰ ਹੋਣ ਤੋਂ ਬਾਅਦ ਮੁਲਜ਼ਮ ਨੇ ਆਪਣੀ ਪਛਾਣ ਲੁਕਾਉਣ ਲਈ ਹੇਅਰ ਕੱਟ ਕਰਵਾ ਲਿਆ ਸੀ ਅਤੇ ਕਲੀਨ ਸ਼ੇਵ ਹੋ ਗਿਆ ਸੀ। ਇਸਤੋਂ ਬਾਅਦ ਉਹ ਮੋਹਾਲੀ ਅਤੇ ਲੁਧਿਆਣਾ ਗਿਆ ਸੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਆਪਣੇ ਪੁਰਾਣੇ ਪਤੇ ’ਤੇ ਬੜਮਾਜਰਾ ਪਿੰਡ ਜਾਵੇਗਾ। ਇੱਥੋਂ ਉਹ ਆਪਣੀ ਪਾਸਬੁੱਕ ਅਤੇ ਜ਼ਰੂਰੀ ਸਾਮਾਨ ਲਏਗਾ। ਅਜਿਹੇ ਵਿਚ ਮਲੋਆ ਰੋਡ ’ਤੇ ਨਾਕਾ ਲਾ ਕੇ ਉਸਨੂੰ ਕਾਬੂ ਕੀਤਾ ਗਿਆ। ਪੁੱਛਗਿਛ ਵਿਚ ਮੁਲਜ਼ਮ ਆਸ਼ੀਸ਼ ਨੇ ਦੱਸਿਆ ਕਿ ਉਹ ਕ੍ਰਿਸਟਲ ਲੋਹਾਨੀ ਨਾਲ ਵਿਆਹ ਕਰਕੇ ਉਸਨੂੰ 5 ਮਹੀਨੇ ਪਹਿਲਾਂ ਨੇਪਾਲ ਤੋਂ ਲਿਆਇਆ ਸੀ। ਕ੍ਰਿਸਟਲ ਯਤੀਮ ਸੀ ਅਤੇ ਆਸ਼ੀਸ਼ ਦੇ ਪਿਤਾ ਨੇ ਉਸਨੂੰ ਕਾਠਮੰਡੂ, ਨੇਪਾਲ ਵਿਚ ਪਾਲ ਕੇ ਵੱਡਾ ਕੀਤਾ ਸੀ। ਆਸ਼ੀਸ਼ ਅਤੇ ਕ੍ਰਿਸਟਲ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਦੋਵੇਂ ਘਰ ਛੱਡ ਕੇ ਕਾਠਮੰਡੂ ਵਿਚ ਰਹਿਣ ਲੱਗ ਪਏ। ਇੱਥੇ ਦੋਵਾਂ ਨੇ ਵਿਆਹ ਕਰ ਲਿਆ। ਇਸਤੋਂ ਬਾਅਦ ਭਾਰਤ ਆ ਗਏ।

ਦੂਜੀ ਲੜਕੀ ਨਾਲ ਪਿਆਰ ਹੋ ਗਿਆ

ਆਸ਼ੀਸ਼ ਇੰਡਸਟਰੀਅਲ ਏਰੀਆ, ਫੇਜ਼-1 ਚੰਡੀਗੜ੍ਹ ਦੇ ਇਕ ਨਾਈਟ ਕਲੱਬ ਵਿਚ ਨੌਕਰੀ ਕਰਨ ਲੱਗਾ। ਉੱਥੇ ਹੀ ਕ੍ਰਿਸਟਲ ਸੈਕਟਰ-26 ਦੇ ਇਕ ਸਪਾ ਵਿਚ ਕੰਮ ਕਰਨ ਲੱਗੀ। ਦੋਵੇਂ ਮਨੀਮਾਜਰਾ ਵਿਚ ਰਹਿਣ ਲੱਗੇ। ਇਸ ਦੌਰਾਨ ਆਸ਼ੀਸ਼ ਦੀ ਜ਼ਿੰਦਗੀ ਵਿਚ ਇਕ ਹੋਰ ਲੜਕੀ ਆ ਗਈ। ਉਹ 18 ਸਾਲ ਦੀ ਸੀ ਅਤੇ ਮਨੀਮਾਜਰਾ ਵਿਚ ਆਸ਼ੀਸ਼ ਦੀ ਬਿਲਡਿੰਗ ਵਿਚ ਹੀ ਰਹਿੰਦੀ ਸੀ। ਜਦੋਂ ਦੋਵੇਂ ਨੇਪਾਲ ਭੱਜਣ ਲੱਗੇ ਤਾਂ ਗੋਰਖਪੁਰ ਪੁਲਸ (ਉੱਤਰ ਪ੍ਰਦੇਸ਼) ਨੇ ਉਨ੍ਹਾਂ ਨੂੰ ਫੜ੍ਹ ਲਿਆ। ਉਹ ਵਾਪਸ ਆ ਗਏ ਪਰ ਕ੍ਰਿਸਟਲ ਘਰ ਛੱਡ ਚੁੱਕੀ ਸੀ। ਆਸ਼ੀਸ਼ ਨੇ ਕ੍ਰਿਸਟਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ 8 ਮਾਰਚ ਨੂੰ ਉਹ ਉਸਨੂੰ ਆਪਣੇ ਨਵੇਂ ਬੁਆਏਫਰੈਂਡ ਨਾਲ ਮਿਲੀ। ਉਸਨੇ ਕਿਹਾ ਕਿ ਹੁਣ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦੀ, ਜਿਸਤੋਂ ਬਾਅਦ ਕ੍ਰਿਸਟਲ ਅਤੇ ਉਸਦੇ ਪ੍ਰੇਮੀ ਨੇ ਆਸ਼ੀਸ਼ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਵਾਪਰੀ ਵੱਡੀ ਅਣਹੋਣੀ, ਪਿੰਡ ਪਹੁੰਚਣ ਤੋਂ ਪਹਿਲਾਂ ਜੋ ਹੋਇਆ ਸੋਚਿਆ ਨਾ ਸੀ

ਨਾ ਮੰਨੀ ਤਾਂ ਚਾਕੂ ਖਰੀਦਿਆ

ਆਸ਼ੀਸ਼ ਨੇ ਕ੍ਰਿਸਟਲ ਤੋਂ ਮੁਆਫੀ ਮੰਗੀ ਅਤੇ ਉਸਨੂੰ ਬਾਅਦ ਵਿਚ ਕਿਸ਼ਨਗੜ੍ਹ ਦੇ ਹੋਟਲ ਵਿਚ ਲੈ ਗਿਆ। ਇੱਥੇ ਉਸਨੇ ਕ੍ਰਿਸਟਲ ਨੂੰ ਕਾਫ਼ੀ ਸਮਝਾਇਆ ਪਰ ਉਹ ਉਸ ਨਾਲ ਰਹਿਣ ਲਈ ਰਾਜ਼ੀ ਨਹੀਂ ਹੋਈ। ਅਜਿਹੇ ਵਿਚ ਆਸ਼ੀਸ਼ ਨੇ ਉਸਨੂੰ ਮਾਰਨ ਦੀ ਪੂਰੀ ਪਲਾਨਿੰਗ ਬਣਾਈ ਅਤੇ ਇਕ ਦਿਨ ਪਹਿਲਾਂ ਮਾਰਕੀਟ ਵਿਚੋਂ ਚਾਕੂ ਖਰੀਦਿਆ। ਘਟਨਾ ਵਾਲੀ ਸਵੇਰ 10 ਮਾਰਚ ਨੂੰ ਉਸਨੇ ਇਕ ਵਾਰ ਫਿਰ ਕ੍ਰਿਸਟਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਦੋਵਾਂ ਵਿਚ ਖੂਬ ਲੜਾਈ ਹੋਈ ਅਤੇ ਆਸ਼ੀਸ਼ ਨੇ ਗਲਾ ਵੱਢ ਕੇ ਉਸਦਾ ਕਤਲ ਕਰ ਦਿੱਤਾ। ਆਸ਼ੀਸ਼ ਨੇਪਾਲ ਦੇ ਜ਼ਿਲ੍ਹੇ ਨਵਲਪਰਾਸੀ ਦੇ ਪਿੰਡ ਭਾਰਤੀਪੁਰ ਦਾ ਰਹਿਣ ਵਾਲਾ ਹੈ।

ਬ੍ਰੇਕਫਾਸਟ ਲਿਆਉਣ ਦੀ ਗੱਲ ਕਹਿ ਕੇ ਨਿਕਲਿਆ ਸੀ

ਹੋਟਲ ਮੈਨੇਜਰ ਨੇ ਪੁਲਸ ਨੂੰ ਦੱਸਿਆ ਕਿ 8 ਮਾਰਚ ਨੂੰ ਹੋਲੀ ਵਾਲੇ ਦਿਨ ਆਸ਼ੀਸ਼ ਲੋਹਾਨੀ ਅਤੇ ਲੜਕੀ (ਕ੍ਰਿਸਟਲ) ਉੱਥੇ ਆਏ ਸਨ। ਕ੍ਰਿਸਟਲ ਮੂਲਰੂਪ ਤੋਂ ਨੇਪਾਲ ਦੇ ਡਾਂਗ ਜ਼ਿਲ੍ਹੇ ਦੇ ਘੋਰਾਈ ਪਿੰਡ ਦੀ ਰਹਿਣ ਵਾਲੀ ਸੀ। 10 ਮਾਰਚ ਦੀ ਸਵੇਰ ਸਾਢੇ 9 ਵਜੇ ਆਸ਼ੀਸ਼ ਰਿਸੈਪਸ਼ਨ ’ਤੇ ਆਇਆ ਅਤੇ ਇਹ ਕਹਿੰਦੇ ਹੋਏ ਬਾਹਰ ਨਿਕਲ ਗਿਆ ਕਿ ਉਹ ਬ੍ਰੇਕਫਾਸਟ ਲੈਣ ਜਾ ਰਿਹਾ ਹੈ। ਇਸਤੋਂ ਬਾਅਦ ਉਹ ਨਹੀਂ ਆਇਆ। ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਹੋਟਲ ਸਟਾਫ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਅੰਦਰ ਕ੍ਰਿਸਟਲ ਬੇਹੋਸ਼ ਪਈ ਸੀ ਅਤੇ ਉਸਦੇ ਗਲੇ ’ਤੇ ਕੱਟ ਦੇ ਨਿਸ਼ਾਨ ਸਨ। ਆਈ. ਟੀ. ਪਾਰਕ ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਆਸ਼ੀਸ਼ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਸਹੁਰਿਆਂ ਤੋਂ ਦੁਖੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ, ਕਿਹਾ ਸਾਲੀ ਨੇ ਬਰਬਾਦ ਕੀਤਾ ਘਰ


author

Gurminder Singh

Content Editor

Related News