ਸ੍ਰੀ ਮੁਕਤਸਰ ਸਾਹਿਬ: ਹਸਪਤਾਲ ’ਚੋਂ ਫ਼ਰਾਰ ਹੋਇਆ ਕੋਰੋਨਾ ਮਰੀਜ਼ ਪੁਲਸ ਨੇ ਕੀਤਾ ਕਾਬੂ

Thursday, Apr 08, 2021 - 03:47 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ’ਚੋਂ ਫਰਾਰ ਹੋਏ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਥਾਣਾ ਸਦਰ ਪੁਲਸ ਨੇ ਕਾਬੂ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਇੰਚਾਰਜ ਬਿਸ਼ਨ ਲਾਲ ਨੇ ਦੱਸਿਆ ਕਿ ਕੋਰੋਨਾ ਦੇ ਇਲਾਜ ਲਈ ਲੰਬੀ ਪੁਲਸ ਨੇ ਕਥਿਤ ਦੋਸ਼ੀ ਗੁਰਦੇਵ ਕੁਮਾਰ ਵਾਸੀ ਲੁਧਿਆਣਾ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਸੀ ਜੋ ਕਿ ਬਾਥਰੂਮ ਦੀ ਖਿੜਕੀ ’ਚੋਂ ਫਰਾਰ ਹੋ ਗਿਆ ਸੀ। ਇਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਵਰਨਣਯੋਗ ਹੈ ਕਿ ਸਰਕਾਰੀ ਹਸਪਤਾਲ ਦੇ ਡਿਊਟੀ ਡਾਕਟਰ ਪਰਵੇਸ਼ ਕੌਸ਼ਲ ਦੇ ਬਿਆਨਾਂ ਤੇ ਫਰਾਰ ਹੋਏ ਵਿਅਕਤੀ, ਇਕ ਹੌਲਦਾਰ ਅਤੇ ਦੋ ਹੋਮਗਾਰਡ ਜਵਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।ਫ਼ਰਾਰ ਹੋਇਆ ਵਿਅਕਤੀ ਲੰਬੀ ਪੁਲਸ ਨੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ ਅਤੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਉਸਦਾ ਸਰਕਾਰੀ ਹਸਪਤਾਲ ਵਿਖੇ ਇਲਾਜ ਚਲ ਰਿਹਾ ਸੀ।ਪ੍ਰਾਪਤ ਸੂਚਨਾ ਅਨੁਸਾਰ ਲੰਬੀ ਪੁਲਸ ਨੇ ਮੁਕੱਦਮਾ ਨੰਬਰ 308 ਤਹਿਤ ਜੋ ਕਿ ਧੋਖਾਧੜੀ ਅਤੇ ਹੋਰ ਧਾਰਾਵਾਂ ਅਧੀਨ ਸੀ ਲੁਧਿਆਣਾ ਵਾਸੀ ਗੁਰਦੇਵ ਕੁਮਾਰ ਨੂੰ ਕਾਬੂ ਕੀਤਾ ਗਿਆ ਸੀ।

ਕੋਰੋਨਾ ਪਾਜ਼ੇਟਿਵ ਹੋਣ ਕਾਰਨ ਗੁਰਦੇਵ ਦਾ ਇਲਾਜ 4 ਅਪ੍ਰੈਲ ਤੋਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਸੀ। ਇਸ ਕਥਿਤ ਦੋਸ਼ੀ ਦੀ ਨਿਗਰਾਨੀ ਲਈ ਲੰਬੀ ਪੁਲਸ ਵੱਲੋ ਹੌਲਦਾਰ ਬਲਰਾਜ ਸਿੰਘ, ਪੀ ਐਚ ਜੀ ਗੁਰਮੀਤ ਸਿੰਘ, ਪੀ ਐਚ ਜੀ ਜਗਰੂਪ ਸਿੰਘ ਦੀ ਗਾਰਦ ਤਾਇਨਾਤ ਕੀਤੀ ਗਈ ਸੀ। 6 ਅਪ੍ਰੈਲ ਨੂੰ ਗਾਰਦ ’ਚ ਤਾਇਨਾਤ ਕਰਮਚਾਰੀ ਗੁਰਦੇਵ ਕੁਮਾਰ ਨੂੰ ਕਮਰੇ ਨਾਲ ਅਟੈਚ ਬਾਥਰੂਮ ’ਚ ਲਿਜਾਣ ਦੀ ਬਜਾਇ ਦੂਜੇ ਬਾਥਰੂਮ ’ਚ ਲੈ ਗਏ।ਬਾਥਰੂਮ ’ਚ ਗਿਆ ਕਥਿਤ ਦੋਸ਼ੀ ਜਦ ਕਾਫੀ ਸਮਾਂ ਬਾਹਰ ਨਾ ਆਇਆ ਤਾਂ ਗਾਰਡ ਕਰਮਚਾਰੀਆਂ ਨੇ ਧੱਕਾ ਮਾਰ ਬੂਹਾ ਖੋਲ੍ਹਿਆ ਤਾਂ ਕਥਿਤ ਦੋਸ਼ੀ ਬਾਥਰੂਮ ਦੀ ਖਿੜਕੀ ਖੋਲ ਕੇ ਫਰਾਰ ਹੋ ਗਿਆ ਸੀ। ਥਾਣਾ ਸਦਰ ਪੁਲਸ ਨੇ ਇਸ ਸਬੰਧੀ ਗੁਰਦੇਵ ਕੁਮਾਰ ਤੇ ਅਤੇ ਡਿਊਟੀ ਵਿਚ ਕੁਤਾਹੀ ਕਰਨ ਵਾਲੇ ਕਰਮਚਾਰੀਆਂ ਤੇ ਮਾਮਲਾ ਦਰਜ ਕਰ ਦਿੱਤਾ ਸੀ। ਹੁਣ ਪੁਲਸ ਨੇ ਮੁਸਤੈਦੀ ਨਾਲ ਫਰਾਰ ਹੋਏ ਗੁਰਦੇਵ ਕੁਮਾਰ ਨੂੰ ਫ਼ਿਰ ਕਾਬੂ ਕਰ ਲਿਆ ਹੈ।


Shyna

Content Editor

Related News