ਅਜਬ-ਗਜ਼ਬ: ...ਜਦੋਂ ਸਰਪੰਚ ਨੇ ਕਿਹਾ ਕਿ ਵਿਆਹ 'ਚ ਨਹੀਂ ਸੱਦਿਆ ਤਾਂ ਕਿਉਂ ਕਰਾਂ ਦਸਤਖ਼ਤ

Wednesday, Jul 15, 2020 - 01:01 PM (IST)

ਹੁਸ਼ਿਆਰਪੁਰ (ਮਿਸ਼ਰਾ)— ਥਾਣਾ ਮਾਹਿਲਪੁਰ ਦੇ ਇਕ ਪਿੰਡ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪਿੰਡ 'ਚ ਇਕ ਵਿਆਹ ਸੰਪੰਨ ਹੋਣ ਤੋਂ ਬਾਅਦ ਜਦੋਂ ਪਰਿਵਾਰ ਦੇ ਲੋਕ ਸਰਪੰਚ ਦੇ ਕੋਲ ਵਿਆਹ ਦੇ ਕਾਗਜ਼ਾਤ 'ਤੇ ਦਸਤਖ਼ਤ ਕਰਵਾਉਣ ਪੁੱਜੇ ਤਾਂ ਕਥਿਤ ਤੌਰ 'ਤੇ ਸਰਪੰਚ ਨੇ ਕਹਿ ਦਿੱਤਾ ਕਿ ਜਦੋਂ ਤੁਸੀਂ ਵਿਆਹ 'ਚ ਹੀ ਮੈਨੂੰ ਬੁਲਾਇਆ ਨਹੀਂ ਤਾਂ ਮੈਂ ਵਿਆਹ ਦੇ ਕਾਗਜ਼ਾਤ 'ਤੇ ਦਸਤਖ਼ਤ ਕਿਵੇਂ ਕਰ ਸਕਦਾ ਹਾਂ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਸਰਪੰਚ ਵਾਰ-ਵਾਰ ਇਹ ਕਹਿੰਦੇ ਦਿੱਸ ਰਹੇ ਹਨ ਕਿ ਇਹ ਮੇਰਾ ਮਸਲਾ ਹੈ। ਹਾਲਾਂਕਿ ਬਾਅਦ 'ਚ ਜਦੋਂ ਮਾਮਲਾ ਸੁਰਖੀਆਂ 'ਚ ਗਿਆ ਤਾਂ ਪਤਾ ਲੱਗਾ ਕਿ ਸਰਪੰਚ ਸਾਬ੍ਹ ਨੇ ਦਸਤਖ਼ਤ ਕਰ ਦਿੱਤੇ ਹਨ।

ਇੰਝ ਸੁਰਖੀਆਂ 'ਚ ਆਇਆ ਇਹ ਮਾਮਲਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਪਿੰਡ 'ਚ ਇਕ ਵਿਆਹ ਸੰਪੰਨ ਹੋਇਆ ਸੀ। ਕੋਰੋਨਾ ਦੇ ਕਾਰਨ ਸਰਕਾਰੀ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਪਰਿਵਾਰ ਦੇ ਲੋਕਾਂ ਨੇ ਵਿਆਹ ਸਮਾਰੋਹ 'ਚ ਸਿਰਫ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਹੀ ਬੁਲਾਇਆ ਸੀ। ਵਿਆਹ ਦੇ ਬਾਅਦ ਪਰਿਵਾਰ ਦੇ ਲੋਕ ਵਿਆਹ ਦੇ ਕਾਗਜ਼ਾਤ ਲੈ ਕੇ ਸਰਪੰਚ ਦੇ ਦਸਤਖ਼ਤ ਕਰਵਾਉਣ ਉਨ੍ਹਾਂ ਦੇ ਘਰ ਪੁੱਜੇ। ਜਦੋਂ ਵਾਰ-ਵਾਰ ਬੇਨਤੀ ਕਰਨ 'ਤੇ ਵੀ ਸਰਪੰਚ ਵਿਆਹ ਦੇ ਕਾਗਜ਼ਾਤ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰਨ ਲੱਗਾ ਤਾਂ ਪਰਿਵਾਰ ਦੇ ਕੁਝ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ ਜੋ ਹੁਣ ਵਾਇਰਲ ਹੋ ਗਈ ਹੈ। ਵਾਇਰਲ ਵੀਡੀਓ 'ਚ ਪਰਿਵਾਰ ਦੇ ਲੋਕ ਵਾਰ-ਵਾਰ ਸਰਪੰਚ ਨੂੰ ਬੇਨਤੀ ਕਰ ਰਹੇ ਹਨ, ਉਥੇ ਹੀ ਸਰਪੰਚ ਦਸਤਖ਼ਤ ਕਰਨ ਨੂੰ ਤਿਆਰ ਨਹੀਂ ਦਿਸੇ।  


shivani attri

Content Editor

Related News