ਮੋਬਾਇਲ ਜਾਂ ਹੋਰ ਵਸਤਾਂ ਗੁੰਮ ਹੋਣ ’ਤੇ ਹੁਣ ਪੀ. ਪੀ. ਸਾਂਝ ਦੇ ਐਪ ’ਤੇ ਦਰਜ ਕਰਵਾਈ ਜਾ ਸਕੇਗੀ ਰਿਪੋਰਟ

Sunday, Apr 07, 2019 - 04:41 AM (IST)

ਮੋਬਾਇਲ ਜਾਂ ਹੋਰ ਵਸਤਾਂ ਗੁੰਮ ਹੋਣ ’ਤੇ ਹੁਣ ਪੀ. ਪੀ. ਸਾਂਝ ਦੇ ਐਪ ’ਤੇ ਦਰਜ ਕਰਵਾਈ ਜਾ ਸਕੇਗੀ ਰਿਪੋਰਟ
ਹੁਸ਼ਿਆਰਪੁਰ (ਅਸ਼ਵਨੀ)-ਪੰਜਾਬ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ (ਕਮਿਊਨਿਟੀ ਪੁਲਸਿੰਗ) ਈਸ਼ਵਰ ਸਿੰਘ ਤੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲੀਅਨ ਦੇ ਨਿਰਦੇਸ਼ਾਂ ’ਤੇ ਗਠਿਤ ਸੀ. ਪੀ. ਐੱਸ. ਸੀ. ਜ਼ਿਲਾ ਸਾਂਝ ਕੇਂਦਰ ਸਲਾਹਕਾਰ ਕਮੇਟੀ ਦੀ ਮੀਟਿੰਗ ਜ਼ਿਲਾ ਇੰਚਾਰਜ ਸ਼ਿਵ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਸਾਂਝ ਕੇਂਦਰ ਦੇ ਸੰਸਥਾਪਕ ਡਾ. ਵਿਭਾ ਗੁਪਤਾ, ਆਗਿਆਪਾਲ ਸਿੰਘ ਸਾਹਨੀ, ਪ੍ਰੋ. ਬਹਾਦਰ ਸਿੰਘ ਸੁਨੇਤ, ਮਹਿੰਦਰ ਸਿੰਘ ਰਾਮਪੁਰ ਖੇਡ਼ਾ, ਸੇਵਾ ਮੁਕਤ ਕਮਾਂਡੈਂਟ ਓਮ ਪ੍ਰਕਾਸ਼, ਸ਼ੈਲੀ ਸ਼ਰਮਾ, ਅਸ਼ਵਨੀ ਕਪੂਰ, ਨਿਰਮਲਜੀਤ ਸਿੰਘ ਆਦਿ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਇੰਚਾਰਜ ਸ਼ਿਵ ਸਿੰਘ ਨੇ ਮੈਂਬਰਾਂ ਨੂੰ ਦੱਸਿਆ ਕਿ ਸਾਂਝ ਕੇਂਦਰ ਦੀ ਪੀ. ਪੀ. ਸਾਂਝ ਐਪ ਰਾਹੀਂ ਹੁਣ ਮੋਬਾਇਲ ਫੋਨ ’ਤੇ ਕਿਸੇ ਵੀ ਹੋਰ ਵਸਤੂ ਦੇ ਗੁੰਮ ਹੋਣ ’ਤੇ ਰਿਪੋਰਟ ਦਰਜ ਕਰਵਾਈ ਜਾ ਸਕੇਗੀ। ਇਸਦੇ ਲਈ ਲੋਕਾਂ ਨੂੰ ਵਿਅਕਤੀਗਤ ਤੌਰ ’ਤੇ ਹੁਣ ਕਿਸੇ ਪੁਲਸ ਸਟੇਸ਼ਨ ’ਚ ਜਾਣ ਦੀ ਲੋਡ਼ ਨਹੀਂ ਹੋਵੇਗੀ। ਇਸ ਤੋਂ ਇਲਾਵਾ ਔਰਤਾਂ ਤੇ ਲਡ਼ਕੀਆਂ ਨਾਲ ਦੁਰਵਿਵਹਾਰ ਤੇ ਛੇਡ਼ਛਾਡ਼ ਸਬੰਧੀ ਸ਼ਿਕਾਇਤ ਸ਼ਕਤੀ ਐਪ ’ਤੇ ਕੀਤੀ ਜਾ ਸਕੇਗੀ। ਜ਼ਿਲੇ ’ਚ ਦਿੱਤੀਆਂ ਜਾ ਰਹੀਆਂ ਹਨ 27 ਸੇਵਾਵਾਂ ਉਨ੍ਹਾਂ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਦੇ ਜ਼ਿਲਾ ਪੱਧਰੀ ਸਾਂਝ ਕੇਂਦਰ ਤੋਂ ਇਲਾਵਾ ਉਪ ਮੰਡਲ ਪੱਧਰ ’ਤੇ ਸਾਰੇ ਸਾਂਝ ਕੇਂਦਰਾਂ, ਪੁਲਸ ਸਟੇਸ਼ਨਾਂ, ਆਊਟਰੀਚ ਸੈਂਟਰਾਂ ਤੇ ਕੁਝ ਹੋਰ ਪੁਲਸ ਸਟੇਸ਼ਨ ਜਿਨ੍ਹਾਂ ਵਿਚ ਸਾਂਝ ਕੇਂਦਰ ਦੀਆਂ ਇਮਾਰਤਾਂ ਨਹੀਂ ਹਨ, ਵਿਚ ਆਊਟਰੀਚ ਸੈਂਟਰਾਂ ’ਤੇ 27 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੁਲਸ ਕਮਿਸ਼ਨਰੇਟ ’ਚ 42 ਤਰ੍ਹਾਂ ਦੀਆਂ ਸਹੂਲਤਾਂ ਉਪਲਬੱਧ ਕਰਵਾਈਆਂ ਜਾਂਦੀਆਂ ਹਨ।

Related News