ਕੁਟੀਆ ਸੰਤ ਬਾਬਾ ਮੇਲਾ ਰਾਮ ਵਿਖੇ ਧਾਰਮਕ ਸਮਾਗਮ ਕੱਲ
Friday, Mar 29, 2019 - 04:52 AM (IST)
ਹੁਸ਼ਿਆਰਪੁਰ (ਮੁੱਗੋਵਾਲ)-ਕੁਟੀਆ ਸੰਤ ਬਾਬਾ ਮੇਲਾ ਰਾਮ ਨਜ਼ਦੀਕ ਨਵਾਂ ਬੱਸ ਸਟੈਂਡ ਮਾਹਿਲਪੁਰ ਵਿਖੇ ਬਾਬਾ ਜੀ ਦੀ ਸਾਲਾਨਾ ਯਾਦ ਨੂੰ ਸਮਰਪਿਤ ਧਾਰਮਕ ਸਮਾਗਮ 30 ਮਾਰਚ ਨੂੰ ਹੋ ਰਿਹਾ ਹੈ। ਇਸ ਸਬੰਧ ਵਿਚ ਅੱਜ ਕੁਟੀਆ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਇਸ ਅਸਥਾਨ ਦੇ ਸੰਚਾਲਕ ਸੰਤ ਹਰੀ ਓਮ ਨੇ ਦੱਸਿਆ ਕਿ 30 ਮਾਰਚ ਨੂੰ ਭੋਗ ਤੋਂ ਉਪਰੰਤ ਭਾਈ ਕਸ਼ਮੀਰ ਸਿੰਘ ਬਿਜਲੀ ਬੋਰਡ ਵਾਲਿਆਂ ਦਾ ਕੀਰਤਨੀ ਜਥਾ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇਵੇਗਾ। ਇਸ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ, ਨਿਰਮਲ ਮੰਡਲ ਤੇ ਹੋਰ ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀਆਂ ਕਲਿਆਣਕਾਰੀ ਸਿੱਖਿਆਵਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ। ਸੰਤ ਹਰੀ ਓਮ ਜੀ ਨੇ ਕਿਹਾ ਕਿ ਮਹਾਪੁਰਸ਼ਾਂ ਦੀ ਯਾਦ ਵਿਚ ਕਰਵਾਏ ਜਾਂਦੇ ਇਨ੍ਹਾਂ ਸਮਾਗਮਾਂ ਦਾ ਮੁੱਖ ਮਨੋਰਥ ਸੰਗਤਾਂ ਨੂੰ ਪ੍ਰੇਮ ਭਾਵਨਾ ਨਾਲ ਰਹਿਣ ਤੇ ਸੇਵਾ-ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਉਪਦੇਸ਼ ਦੇਣਾ ਹੈ। ਬਾਬਾ ਮੇਲਾ ਰਾਮ ਜੀ ਨੇ ਆਪਣੀ ਸਾਰੀ ਜ਼ਿੰਦਗੀ ਸੰਗਤਾਂ ਨੂੰ ਇਕ ਪ੍ਰਭੂ ਦੇ ਲਡ਼ ਲੱਗਣ, ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ, ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਨ, ਔਰਤ ਜਾਤੀ ਦਾ ਸਤਿਕਾਰ ਕਰਨ ਤੇ ਆਪਸ ਵਿਚ ਪ੍ਰੇਮ ਭਾਵਨਾ ਨਾਲ ਰਹਿਣ ਦਾ ਸੰਦੇਸ਼ ਦਿੱਤਾ। ਇਸ ਸਮੇਂ ਇਸ ਅਸਥਾਨ ਨਾਲ ਜੁਡ਼ੀਆਂ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
