ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁਡ਼ ਕੇ ਸੇਵਾ-ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਦਿੱਤਾ ਸੁਨੇਹਾ

Wednesday, Mar 20, 2019 - 03:40 AM (IST)

ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁਡ਼ ਕੇ ਸੇਵਾ-ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਦਿੱਤਾ ਸੁਨੇਹਾ
ਹੁਸ਼ਿਆਰਪੁਰ (ਮੁੱਗੋਵਾਲ)-ਹੋਲੇ ਮਹੱਲੇ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਲਈ ਮਾਹਿਲਪੁਰ-ਗਡ਼੍ਹਸ਼ੰਕਰ ਮੁੱਖ ਮਾਰਗ ’ਤੇ ਸਥਿਤ ਅੱਡਾ ਟੂਟੋਮਜਾਰਾ ਵਿਖੇ ਜਥੇ. ਬਾਬਾ ਨਾਗਰ ਸਿੰਘ ਸੰਚਾਲਕ ਗੁ. ਬਾਬਾ ਅੱਗਡ਼ ਸਿੰਘ ਪਿੰਡ ਟੂਟੋਮਜਾਰਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਕਾ ਲੰਗਰ ਲਾਇਆ ਗਿਆ। ਜਥੇ. ਬਾਬਾ ਨਾਗਰ ਸਿੰਘ ਨੇ ਕਿਹਾ ਕਿ ਇਸ ਅਸਥਾਨ ’ਤੇ ਹਰ ਸਾਲ ਹੋਲੇ ਮਹੱਲੇ ’ਤੇ ਲੰਗਰ ਲਾਇਆ ਜਾਂਦਾ ਹੈ, ਜਿਸ ਨਾਲ ਸਮਤਾ-ਸਮਾਨਤਾ ਤੇ ਭਾਈਚਾਰਕ ਸਾਂਝ ਵਰਗੇ ਗੁਣ ਪੈਦਾ ਹੁੰਦੇ ਹਨ, ਜੋ ਸਾਨੂੰ ਹਰ ਸੰਸਾਰਕ ਜੀਵ ਨਾਲ ਪ੍ਰੇਮ-ਪਿਆਰ ਕਰਨਾ ਸਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਲੰਗਰ ਦੀ ਵਿਸ਼ੇਸ਼ ਮਹੱਤਤਾ ਹੈ। ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੀ ਇਸ ਪ੍ਰੰਪਰਾ ਅਨੁਸਾਰ ਸਮਾਜ ਦਾ ਹਰ ਵਿਅਕਤੀ ਬਿਨਾਂ ਕਿਸੇ ਵਿਤਕਰੇ ਤੋਂ ਇੱਕੋ ਪੰਗਤ ਵਿਚ ਬੈਠ ਕੇ ਲੰਗਰ ਛਕਦਾ ਹੈ। ਇਸੇ ਤਰ੍ਹਾਂ ਸਿੱਖ ਧਰਮ ਵਿਚ ਸੇਵਾ ਨੂੰ ਵੀ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਵਿਚ ਜੋਸ਼ ਭਰਨ ਲਈ ਹੋਲੇ ਮਹੱਲੇ ਦਾ ਪਵਿੱਤਰ ਤਿਉਹਾਰ ਸ਼ੁਰੂ ਕੀਤਾ ਸੀ, ਤਾਂ ਕਿ ਸਿੰਘ ਜ਼ੁਲਮ, ਬੇਇਨਸਾਫੀ ਅਤੇ ਅਨਿਆਂ ਵਿਰੁੱਧ ਆਵਾਜ਼ ਉਠਾਉਣ ਲਈ ਜਥੇਬੰਦ ਹੋ ਸਕਣ। ਬਾਬਾ ਨਾਗਰ ਸਿੰਘ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁਡ਼ ਕੇ ਸੇਵਾ, ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਜਥੇ. ਬਾਬਾ ਹਰਦਿਆਲ ਸਿੰਘ, ਗੁਰਪਾਲ ਸਿੰਘ, ਸੁਰਿੰਦਰ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ, ਬਲਵੰਤ ਸਿੰਘ, ਝਲਮਣ ਸਿੰਘ, ਸ਼ੇਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Related News