ਸਿੱਖਿਆ ਵਿਭਾਗ ਦੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦਾ ਬਾਈਕਾਟ ਕਰਨਗੇ ਟਾਂਡਾ ਦੇ ਅਧਿਆਪਕ
Friday, Feb 22, 2019 - 04:37 AM (IST)
ਹੁਸ਼ਿਆਰਪੁਰ (ਪੰਡਿਤ)-ਸਿੱਖਿਆ ਵਿਭਾਗ ਦੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦਾ ਬਾਈਕਾਟ ਕਰਨ ਦਾ ਟਾਂਡਾ ਦੇ ਅਧਿਆਪਕਾਂ ਨੇ ਫੈਸਲਾ ਸ਼ਿਮਲਾ ਪਹਾਡ਼ੀ ਪਾਰਕ ’ਚ ਹੋਈ ਮੀਟਿੰਗ ਦੌਰਾਨ ਲਿਆ ਹੈ। ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਤੇ ਸਕੱਤਰ ਸਕੂਲ ਸਿੱਖਿਆ ਵਿਰੁੱਧ ਪਿੱਛਲੇ ਲੰਬੇ ਸਮੇਂ ਤੋਂ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ’ ਪ੍ਰਾਜੈਕਟ ਦੇ ਬਾਈਕਾਟ ਦੇ ਸੱਦੇ ਨੂੰ ਟਾਂਡਾ ਦੇ ਅਧਿਆਪਕ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਹੋਈ ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਅਧਿਆਪਕਾਂ ਨੇ ਅਧਿਆਪਕ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇਕੱਠੇ ਹੋ ਕੇ ਇਸ ਗੈਰ ਵਿਦਿਅਕ ਤੇ ਗ਼ੈਰ ਮਨੋਵਿਗਿਆਨਕ ਪ੍ਰਾਜੈਕਟ ਦਾ ਬਾਈਕਾਟ ਕਰਨ ਦਾ ਅਹਿਦ ਲਿਆ। ਪਰਮਜੀਤ ਸਿੰਘ ਬੁੱਢੀ ਪਿੰਡ ਤੇ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ ’ਚ ਅਧਿਆਪਕਾਂ ਨੇ ਇਕੱਠੇ ਹੋ ਕੇ ਮੀਟਿੰਗ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਜਿੱਥੇ ਪੰਜਾਬ ਦੀ ਰਵਾਇਤੀ ਵਿੱਦਿਆ ਪ੍ਰਣਾਲੀ ਖ਼ਤਮ ਹੋ ਰਹੀ ਹੈ ਉਸ ਦੇ ਨਾਲ-ਨਾਲ ਬੱਚਿਆਂ ਦੇ ਕੋਮਲ ਮਨਾਂ ਉੱਪਰ ਮਨੋਵਿਗਿਆਨਕ ਦਬਾਅ ਵੀ ਵੱਧ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਅਧੀਨ ਮਿੱਥੇ ਗਏ ਟੀਚੇ ਕਿਸੇ ਵੀ ਤਰ੍ਹਾਂ ਬੱਚਿਆਂ ਦੀਆਂ ਮਨੋਵਿਗਿਆਨਕ ਲੋਡ਼ਾਂ ਨੂੰ ਪੂਰੀਆਂ ਨਹੀਂ ਕਰ ਕਰਦੇ ਸਗੋਂ ਬੱਚਿਆਂ ਉੱਪਰ ਮਾਨਸਿਕ ਦਬਾਅ ਤੇ ਤਣਾਅ ਦੀ ਸਥਿਤੀ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਪੰਜਾਬ ਦੀ ਰਵਾਇਤੀ ਸਿੱਖਿਆ ਪ੍ਰਣਾਲੀ ਅਧੀਨ ਸਿਰ-ਤੋਡ਼ ਮਿਹਨਤ ਨਾਲ ਬੱਚਿਆਂ ਨੂੰ ਦਿੱਤੇ ਗਏ ਪਾਠਕ੍ਰਮ ਅਨੁਸਾਰ ਪਡ਼੍ਹਾਉਣਗੇ ਪਰ ਇਸ ਬੇਲੋਡ਼ੇ ਬੋਝ ਵਾਲੇ ਪ੍ਰਾਜੈਕਟ ਦਾ ਸੰਪੂਰਨ ਬਾਈਕਾਟ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਟੈਸਟਿੰਗ ਨਹੀਂ ਕਰਨਗੇ। ਅਧਿਆਪਕ ਆਗੂਆਂ ਨੇ ਪਡ਼੍ਹੋ ਪੰਜਾਬ ਦੀਆਂ ਟੀਮਾਂ ਨੂੰ ਵੀ ਆਪਣੇ ਸਕੂਲਾਂ ਵਿਚ ਵਾਪਸ ਹਾਜ਼ਰੀ ਲਗਵਾਉਣ ਲਈ ਬੇਨਤੀ ਕੀਤੀ। ਇਸ ਮੌਕੇ ਐੱਚ. ਟੀ. ਪ੍ਰਦੀਪ ਪਾਲ ਸਿੰਘ, ਦਿਵਾਕਰ, ਬਲਦੀਸ਼ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਅਮਰਜੀਤ ਕੌਰ, ਅਮਨਦੀਪ ਚੀਮਾ, ਸੀ. ਐੱਚ. ਟੀ. ਆਸ਼ਾ ਰਾਣੀ, ਨੀਤਾ ਰਾਣੀ , ਐੱਚ. ਟੀ. ਜਸਵਿੰਦਰ ਕੌਰ, ਸੁਰਿੰਦਰ ਕੌਰ, ਅਮਰਜੀਤ ਕੌਰ, ਬਲਦੇਵ ਸਿੰਘ, ਭਜਨੀਕ ਸਿੰਘ, ਸੀ. ਐੱਚ. ਟੀ. ਜਸਵਿੰਦਰ ਸਿੰਘ, ਸੀ. ਐੱਚ. ਟੀ. ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਗੁਰਦਿਆਲ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ, ਹਰਿੰਦਰ ਸਿੰਘ, ਐੱਚ. ਟੀ. ਹਰਜਿੰਦਰ ਸਿੰਘ, ਗੁਰਦੀਪ ਸਿੰਘ ਐੱਚ. ਟੀ., ਸਰਬਜੀਤ ਸਿੰਘ, ਜਸਵਿੰਦਰ ਸਿੰਘ, ਐੱਚ. ਟੀ. ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਸੰਗਤ ਸਿੰਘ, ਵਰਿੰਦਰ ਕੁਮਾਰ ਤੇ ਅਮਨਦੀਪ ਸਿੰਘ ਆਦਿ ਵੀ ਮੌਜੂਦ ਸਨ।