ਬਹੁਰੰਗ ਕਲਾ ਮੰਚ ਵੱਲੋਂ ਨੁਕਡ਼ ਨਾਟਕ ‘ਸੰਕਲਪ ਤੋਂ ਸਿੱਧੀ ਤੱਕ’ ਦਾ ਪ੍ਰਦਰਸ਼ਨ
Friday, Feb 22, 2019 - 04:36 AM (IST)
ਹੁਸ਼ਿਆਰਪੁਰ (ਜਸਵਿੰਦਰਜੀਤ)-ਅੱਜ ਹੁਸ਼ਿਆਰਪੁਰ ਵਿਖੇ ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਅਸ਼ੋਕ ਪੁਰੀ ਦੇ ਨੁਕਡ਼ ਨਾਟਕ ‘ਸੰਕਲਪ ਤੋਂ ਸਿੱਧੀ ਤੱਕ’ ਦਾ ਪ੍ਰਦਰਸ਼ਨ ਸਥਾਨਕ ਆਈ. ਟੀ. ਆਈ. ਹੁਸ਼ਿਆਰਪੁਰ ਵਿਖੇ ਕੀਤਾ ਗਿਆ, ਜਿਸ ’ਚ ਵਿਸ਼ੇਸ਼ ਤੌਰ ’ਤੇ ਵਾਈਸ ਪ੍ਰਿੰਸੀਪਲ ਮਨੋਹਰ ਸਿੰਘ ਰਾਠੌਰ ਅਤੇ ਕੇਂਦਰ ਦੇ ਵਿਜੇ ਸਿੰਘ ਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ‘ਸੰਕਲਪ ਤੋਂ ਸਿੱਧੀ ਤੱਕ’ ਨਾਟਕ ਵਿਚ ਨਾਟਕਕਾਰ ਨੇ ਨਸ਼ਿਆਂ ਦੇ ਪ੍ਰਭਾਵ, ਰਾਸ਼ਟਰੀ ਸਫਾਈ ਮੁਹਿੰਮ, ਰਾਸ਼ਟਰੀ ਏਕਤਾ ਅਤੇ ਅਖੰਡਤਾ ਬਾਰੇ ਤਾਣਾ-ਬਾਣਾ ਬੁਣਿਆ ਹੈ। ਇਸ ਨਾਟਕ ’ਚ ਗਗਨਦੀਪ, ਮਹੇਸ਼, ਜੱਸੀ ਪਿਪਲਾਂਵਾਲਾ, ਬੀ. ਐੱਸ. ਢਿੱਲੋਂ ਅਤੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਆਪੋ ਆਪਣੇ ਕਿਰਦਾਰ ਸਫਲਤਾ ਪੂਰਵਕ ਨਿਭਾਏ। ਨਾਟਕ ਉਪਰੰਤ ਪ੍ਰਿੰਸੀਪਲ ਮਨੋਹਰ ਸਿੰਘ ਰਾਠੌਰ ਨੇ ਅੱਜ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਅਤੇ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਨਹਿਰੂ ਯੁਵਾ ਕੇਂਦਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਅਤੇ ਨਾਟਕ ਰਾਹੀਂ ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਵੱਲੋਂ ਪਾਏ ਜਾਂਦੇ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਵਿਜੈ ਸਿੰਘ ਰਾਣਾ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਜ਼ਿਲੇ ਭਰ ਦੇ ਸਮੁੱਚੇ ਪਿੰਡਾਂ ਦੇ ਨੌਜਵਾਨਾਂ ਲਈ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਲਈ ਕਾਰਜਸ਼ੀਲ ਰਹਿੰਦਾ ਹੈ। ਉਨ੍ਹਾਂ ਨਹਿਰੂ ਯੁਵਾ ਕੇਂਦਰ ਦੀਆਂ ਸਕੀਮਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਈ. ਟੀ. ਆਈ. ਦੇ ਇੰਸਟ੍ਰਕਟਰ ਗੁਰਿੰਦਰਪਾਲ ਸਿੰਘ ਅਤੇ ਸੰਜੀਵ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।