ਜਲ ਸਰੋਤ ਮੁਲਾਜ਼ਮਾਂ ਨੂੰ ਨਹੀਂ ਮਿਲੀ ਦਸੰਬਰ ਮਹੀਨੇ ਦੀ ਤਨਖ਼ਾਹ
Sunday, Jan 20, 2019 - 12:11 PM (IST)

ਹੁਸ਼ਿਆਰਪੁਰ (ਘੁੰਮਣ)-ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾਈ ਕਨਵੀਨਰ ਸੁਖਮੰਦਰ ਸਿੰਘ, ਸੁਰਿੰਦਰ ਕੁਮਾਰ, ਕੋ-ਕਨਵੀਨਰ ਰਾਮਜੀ ਦਾਸ ਚੌਹਾਨ ਅਤੇ ਜਨਰਲ ਸਕੱਤਰ ਸਤੀਸ਼ ਰਾਣਾ ਨੇ ਸਾਂਝੇ ਤੌਰ ’ਤੇ ਜਲ ਸਰੋਤ ਕਾਰਪੋਰੇਸ਼ਨ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੀ ਤਨਖਾਹ ਅਜੇ ਤੱਕ ਵੀ ਜਾਰੀ ਨਾ ਕਰਨ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਅਦਾਰੇ ਦੇ ਸਮੂਹ ਮੁਲਾਜ਼ਮ ਤਨਖਾਹ ਨਾ ਮਿਲਣ ਕਾਰਨ ਆਰਥਕ ਮੰਦਹਾਲੀ ਕਾਰਨ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਆਪਣੀਆਂ ਨਿੱਤ ਦੀਆਂ ਲੋਡ਼ਾਂ ਪੂਰੀਆਂ ਕਰਨ ਲਈ ਕਾਫੀ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ, ਜਿਸ ਕਾਰਨ ਅਦਾਰੇ ਦੇ ਮੁਲਾਜ਼ਮਾਂ ਵਿਚ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ਼ ਕਾਫੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਨਿਗਮ ਦੇ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੀ ਤਨਖਾਹ ਨਾ ਦਿੱਤੀ ਗਈ ਤਾਂ ਜਲ ਸਰੋਤ ਵਿਭਾਗ ਦੀਆਂ ਸਮੂਹ ਡਵੀਜ਼ਨਾਂ/ਸਰਕਲਾਂ ਅੱਗੇ ਮੈਨੇਜਮੈਂਟ ਅਤੇ ਸਰਕਾਰ ਵਿਰੁੱਧ ਰੈਲੀਆਂ ਕਰ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਦਿਲਬਾਗ ਸਿੰਘ, ਇਸ਼ਟ ਪਾਲ, ਗੁਰਚਰਨ ਸਿੰਘ, ਗੁਰਦੀਪ ਸਿੰਘ, ਰਾਜ ਕੁਮਾਰ, ਮੱਖਣ ਸਿੰਘ ਲੰਗੇਰੀ, ਪ੍ਰੇਮ ਨਾਥ, ਗੁਰਪ੍ਰੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।