ਰਾਮ ਰਹੀਮ ਦੀ ਹਨੀਪ੍ਰੀਤ ਅੱਜ ਹੋਵੇਗੀ ਪੰਚਕੂਲਾ ਕੋਰਟ ''ਚ ਪੇਸ਼, ਰਿਮਾਂਡ ਮੰਗੇਗੀ ਪੁਲਸ
Wednesday, Oct 04, 2017 - 04:21 PM (IST)
ਚੰਡੀਗੜ੍ਹ — ਬੀਤੇ 38 ਦਿਨਾਂ ਤੋਂ ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਲਈ ਸਿਰਦਰਦ ਬਣੀ ਹਨੀਪ੍ਰੀਤ ਨੂੰ ਆਖਿਰਕਾਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਹਨੀਪ੍ਰੀਤ ਦੀ ਗ੍ਰਿਫਤਾਰੀ ਜੀਰਕਪੁਰ ਦੀ ਪਟਿਆਲਾ ਰੋਡ ਤੋਂ ਕੀਤੀ ਗਈ ਹੈ। ਹਨੀਪ੍ਰੀਤ 'ਤੇ ਬੀਤੀ 25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਕੋਰਟ ਕੰਪਲੈਕਸ 'ਚੋਂ ਉਸਨੂੰ ਭਜਾਉਣ ਦੀ ਸਾਜਿਸ਼ ਘੜਣ ਦਾ ਦੋਸ਼ ਲੱਗਾ ਹੈ। ਹਨੀਪ੍ਰੀਤ ਤੋਂ ਐੱਸ.ਆਈ.ਟੀ. ਦੀ ਇਕ ਖਾਸ ਟੀਮ ਪੁੱਛਗਿੱਛ ਕਰ ਰਹੀ ਹੈ। ਹਨੀਪ੍ਰੀਤ ਨੂੰ ਅੱਜ ਪੰਚਕੂਲਾ ਕੋਰਟ 'ਚ ਪੇਸ਼ ਕੀਤਾ ਜਾਵੇਗਾ।
ਪੰਚਕੂਲਾ ਪੁਲਸ ਕਮਿਸ਼ਨਰ ਏ.ਐਸ. ਚਾਵਲਾ ਨੇ ਕਿਹਾ ਹੈ ਕਿ ਹਨੀਪ੍ਰੀਤ ਨੇ ਪੁੱਛਗਿੱਛ ਦੌਰਾਨ ਜ਼ਿਆਦਾ ਕੁਝ ਨਹੀਂ ਦੱਸਿਆ। ਅਜੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਇਸਲਈ ਅਸੀਂ ਕੋਰਟ 'ਤੋਂ ਹਨੀਪ੍ਰੀਤ ਲਈ ਰਿਮਾਂਡ ਮੰਗਾਗੇ। ਦੱਸਿਆ ਗਿਆ ਹੈ ਕਿ ਹਨੀਪ੍ਰੀਤ 24 ਘੰਟੇ ਪਹਿਲਾਂ ਹੀ ਚੰਡੀਗੜ੍ਹ ਆ ਗਈ ਸੀ ਅਤੇ ਇਕ ਯੋਜਨਾ ਦੇ ਤਹਿਤ 2 ਨਿਊਜ਼ ਚੈਨਲਾਂ ਨੂੰ ਇੰਟਰਵਿਊ ਦਿੱਤਾ। ਇੰਟਰਵਿਊ ਕਰਵਾਉਣ 'ਚ ਵੀ ਪੁਲਸ ਦੀ ਭੂਮਿਕਾ ਸ਼ੱਕੀ ਮੰਨੀ ਜਾ ਰਹੀ ਹੈ। 2 ਨਿਊਜ਼ ਚੈਨਲਾਂ 'ਚ ਇੰਟਰਵਿਊ ਪ੍ਰਸਾਰਤ ਹੋਣ ਤੋਂ ਬਾਅਦ ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਟੀਮ ਹਰਕਤ 'ਚ ਆਈ।
ਹਨੀਪ੍ਰੀਤ ਦੇ ਨਾਲ ਉਸਦੀ ਸਹੇਲੀ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ, ਪਰ ਪੁਲਸ ਨੇ ਉਸਦਾ ਨਾਂ ਦੱਸਣ 'ਤੋਂ ਮਨ੍ਹਾ ਕਰ ਦਿੱਤਾ ਹੈ। ਹਨੀਪ੍ਰੀਤ ਪੁਲਸ ਦੇ ਕਈ ਸਵਾਲਾਂ ਦੇ ਜਵਾਬ 'ਚ ਚੁੱਪ ਰਹੀ ਬਸ ਇੰਨਾ ਦੱਸਿਆ ਕਿ ਡੇਰਾ ਸਮਰਥਕ ਇਕ ਮਹਿਲਾ ਸੁਖਦੀਪ ਨੇ ਹੀ ਉਸਨੂੰ ਬਠਿੰਡਾ 'ਚ ਲੁਕੋ ਕੇ ਰੱਖਿਆ ਸੀ। ਹਨੀਪ੍ਰੀਤ ਨੇ ਰਾਮ ਰਹੀਮ ਅਤੇ ਆਪਣੇ ਰਿਸ਼ਤੇ ਨੂੰ ਪਵਿੱਤਰ ਦੱਸਿਆ ਅਤੇ ਕਿਹਾ ਕਿ ਜਿਸ ਤਰ੍ਹਾਂ ਲੋਕ ਉਸਨੂੰ ਪੇਸ਼ ਕਰ ਰਹੇ ਹਨ ਉਹ ਉਸ ਤਰ੍ਹਾਂ ਦੀ ਬਿਲਕੁੱਲ ਨਹੀਂ ਹੈ।
