ਗ੍ਰਹਿ ਮੰਤਰਾਲੇ ਨੇ ਪੰਜਾਬ ''ਚ ਪੜ੍ਹਦੇ ਕਸ਼ਮੀਰੀਆਂ ਦੀ ਪੜਤਾਲ ਕੀਤੀ ਸ਼ੁਰੂ
Saturday, Oct 13, 2018 - 03:18 PM (IST)

ਬਠਿੰਡਾ(ਬਿਊਰੋ)— ਜੰਮੂ-ਕਸ਼ਮੀਰ ਪੁਲਸ ਅਤੇ ਪੰਜਾਬ ਪੁਲਸ ਵਲੋਂ ਸਾਂਝਾ ਆਪਰੇਸ਼ਨ ਕਰਕੇ ਜਲੰਧਰ ਤੋਂ 3 ਕਸ਼ਮੀਰੀ ਨੌਜਵਾਨਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਵਿੱਦਿਅਕ ਅਦਾਰਿਆਂ ਵਿਚ ਪੜ੍ਹਦੇ ਕਸ਼ਮੀਰੀ ਨੌਜਵਾਨਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਖਦਸ਼ਾ ਹੈ ਕਿ ਹੋਰਨਾਂ ਕਸ਼ਮੀਰੀ ਨੌਜਵਾਨਾਂ ਦੇ ਟਿਕਾਣਿਆਂ ਨੂੰ ਕਸ਼ਮੀਰ ਦੇ ਸ਼ੱਕੀ ਵਰਤਦੇ ਹੋਣ। ਪਤਾ ਲੱਗਾ ਹੈ ਕਿ ਇਨ੍ਹਾਂ ਅਦਾਰਿਆਂ ਤੋਂ ਸੂਚਨਾਵਾਂ ਇਕੱਠੀਆਂ ਕਰਨ ਤੋਂ ਬਾਅਦ ਗ੍ਰਹਿ ਵਿਭਾਗ ਨੇ ਸਖਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਅਤੇ ਚੁੱਪ-ਚੁਪੀਤੇ ਇਹ ਮੁਹਿੰਮ ਵਿੱਢੀ ਹੈ।
ਪੰਜਾਬ ਵਿਚ ਇਸ ਸਮੇਂ ਕੁੱਲ 29 ਯੂਨੀਵਰਸਿਟੀਆਂ ਹਨ, ਜਿਨ੍ਹਾਂ ਵਿਚੋਂ 11 ਸਰਕਾਰੀ, 16 ਪ੍ਰਾਈਵੇਟ ਅਤੇ 2 ਡੀਮਡ ਯੂਨੀਵਰਸਿਟੀਆਂ ਹਨ। ਪ੍ਰਾਈਵੇਟ ਯੂਨੀਵਰਸਿਟੀਆਂ 'ਤੇ ਖਾਸ ਕਰਕੇ ਹੁਣ ਨਜ਼ਰ ਰੱਖਣੀ ਸ਼ੁਰੂ ਕੀਤੀ ਗਈ ਹੈ। ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਵਿਚ ਕਰੀਬ 26 ਸੂਬਿਆਂ ਦੇ ਲਗਭਗ 594 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 78 ਵਿਦਿਆਰਥੀ ਜੰਮੂ-ਕਸ਼ਮੀਰ ਦੇ ਹਨ। ਦੂਜੇ ਨੰਬਰ 'ਤੇ ਯੂ.ਪੀ. ਦੇ 63 ਵਿਦਿਆਰਥੀ, ਕੇਰਲਾ ਦੇ 50 ਅਤੇ ਓਡਿਸ਼ਾ ਦੇ ਕਰੀਬ 35 ਵਿਦਿਆਰਥੀ ਪੜ੍ਹਦੇ ਹਨ। ਪੰਜਾਬ ਵਿਚ ਕੇਂਦਰੀ ਯੂਨੀਵਰਸਿਟੀ ਵਿਚ ਸਿਰਫ 14 ਫੀਸਦੀ ਵਿਦਿਆਰਥੀ ਹੀ ਹਨ। ਐੱਸ.ਐੱਸ.ਪੀ. ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਜ਼ਿਲੇ ਦੀਆਂ ਕਈ ਯੂਨੀਵਰਸਿਟੀਆਂ ਵਿਚ ਦੂਜੇ ਸੂਬਿਆਂ ਦੇ ਵਿਦਿਆਰਥੀ ਪੜ੍ਹੇ ਰਹੇ ਹਨ ਅਤੇ ਜ਼ਿਲਾ ਪੁਲਸ ਵਲੋਂ ਸਾਰੇ ਹੀ ਵਿਦਿਆਰਥੀਆਂ 'ਤੇ ਨਜ਼ਰ ਰੱਖੀ ਜਾਂਦੀ ਹੈ। ਵੇਰਵਿਆਂ ਮੁਤਾਬਕ ਆਦੇਸ਼ ਯੂਨੀਵਰਸਿਟੀ ਬਠਿੰਡਾ ਵਿਚ ਦਰਜਨਾਂ ਕਸ਼ਮੀਰੀ ਨੌਜਵਾਨ ਬੀ.ਡੀ.ਐੱਸ. ਦੀ ਪੜ੍ਹਾਈ ਕਰ ਰਹੇ ਹਨ, ਜਿਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ ਪ੍ਰਾਈਵੇਟ ਕਾਲੋਨੀਆਂ ਵਿਚ ਰਹਿ ਰਹੇ ਹਨ। ਇਸੇ ਤਰ੍ਹਾਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਵੀ ਕਸ਼ਮੀਰ ਦੇ ਵਿਦਿਆਰਥੀ ਪੜ੍ਹ ਰਹੇ ਹਨ।
ਸੂਤਰ ਦੱਸਦੇ ਹਨ ਕਿ ਚੰਡੀਗੜ੍ਹ ਨੇੜੇ ਪੈਂਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਕਸ਼ਮੀਰੀ ਨੌਜਵਾਨਾਂ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਵਿਚੋਂ ਕਾਫੀ ਅੰਕੜਾ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪੁੱਜ ਵੀ ਚੁੱਕਾ ਹੈ। ਬਠਿੰਡਾ ਰੇਂਜ ਦੇ ਆਈ.ਜੀ. ਐੱਮ.ਐੱਫ. ਫਾਰੂਕੀ ਦਾ ਕਹਿਣਾ ਸੀ ਕਿ ਪੁਲਸ ਵਲੋਂ ਰੋਜ਼ਾਨਾ ਸਾਰਿਆਂ 'ਤੇ ਨਜ਼ਰ ਰੱਖੀ ਜਾਂਦੀ ਹੈ ਅਤੇ ਅਜਿਹੀ ਕਿਸੇ ਵੀ ਮੁਹਿੰਮ ਬਾਰੇ ਕੋਈ ਜਾਣਕਾਰੀ ਨਹੀਂ ਹੈ।