ਇਕੋ ਚਿਖਾ ''ਤੇ ਬਲੀਆਂ ਭੈਣ-ਭਰਾਵਾਂ ਦੀਆਂ ਲਾਸ਼ਾਂ, ਪਸੀਜੇ ਲੋਕਾਂ ਦੇ ਦਿਲ (ਤਸਵੀਰਾਂ)

03/20/2019 12:12:20 PM

ਨੂਰਪੁਰਬੇਦੀ (ਭੰਡਾਰੀ)— ਸੋਮਵਾਰ ਦੁਪਹਿਰ ਨੂੰ ਝੌਂਪੜੀ ਦੇ ਅੱਗ ਦੀ ਭੇਟ ਚੜ੍ਹ ਜਾਣ ਕਾਰਨ ਜ਼ਿੰਦਾ ਝੁਲਸੇ ਪ੍ਰਵਾਸੀ ਪਰਿਵਾਰ ਦੇ 3 ਬੱਚਿਆਂ ਦਾ ਬੀਤੇ ਦਿਨ ਬਾਅਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਲਈ ਰਵਾਨਾ ਹੋਣ ਮੌਕੇ ਬੱਚਿਆਂ ਦੇ ਮਾਪੇ ਆਪਣੇ ਲਾਡਲਿਆਂ ਦੀਆਂ ਲਾਸ਼ਾਂ ਨਾਲ ਲਿਪਟ-ਲਿਪਟ ਕੇ ਬੇਹਾਲ ਹੋ ਰਹੇ ਸਨ ਅਤੇ ਇਹ ਸਮੁੱਚੇ ਹਾਲਾਤ ਦੇਖ ਕੇ ਲੋਕਾਂ ਦਾ ਦਿਲ ਪਸੀਜ ਗਿਆ ਅਤੇ ਸਭ ਦੀਆਂ ਅੱਖਾਂ ਨਮ ਹੋ ਗਈਆਂ। ਬਾਅਦ ਦੁਪਹਿਰ ਉਕਤ ਤਿੰਨੋਂ ਬੱਚਿਆਂ ਦਾ ਇਕੱਠੇ ਹੀ ਇਕ ਹੀ ਚਿਤਾ 'ਚ ਪਿੰਡ ਰੌਲੀ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਸਥਾਨਕ ਨਵੀਂ ਆਬਾਦੀ ਮੁਹੱਲਾ ਵਿਖੇ ਸਥਿਤ ਪ੍ਰਵਾਸੀ ਮਜ਼ਦੂਰ ਰਾਜ ਕੁਮਾਰ, ਨਿਵਾਸੀ ਸਸਕਰਾ, ਜ਼ਿਲਾ ਬਦਾਂਯੂ (ਯੂ. ਪੀ.) ਦੀ ਸੋਮਵਾਰ ਦੁਪਹਿਰ ਨੂੰ ਉਸ ਸਮੇਂ ਝੌਂਪੜੀ ਅੱਗ ਦੀ ਭੇਟ ਚੜ੍ਹ ਗਈ ਸੀ, ਜਦੋਂ ਉਹ ਮਜ਼ਦੂਰੀ ਕਰਨ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਜੂਲੀ ਲੱਕੜੀਆਂ ਇਕੱਠੀਆਂ ਕਰਨ ਲਈ ਗਈ ਹੋਈ ਸੀ। ਇਸ ਅਗਜ਼ਨੀ ਦੀ ਘਟਨਾ 'ਚ ਉਸ ਦੇ 3 ਮਾਸੂਮ ਬੱਚਿਆਂ 'ਚ ਸ਼ਾਮਲ 5 ਸਾਲਾ ਲੜਕੇ ਸ਼ਿਵਮ ਦੀ ਜ਼ਿੰਦਾ ਝੁਲਸਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਅੱਗ 'ਚ ਝੁਲਸੇ ਗੰਭੀਰ ਜ਼ਖਮੀ ਹੋਏ 3 ਸਾਲਾ ਲੜਕੇ ਦੀ ਪੀ. ਜੀ. ਆਈ. ਚੰਡੀਗੜ੍ਹ ਨੂੰ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ ਅਤੇ ਡੇਢ ਸਾਲਾ ਲੜਕੀ ਰੌਸ਼ਨੀ ਨੇ ਦੇਰ ਸ਼ਾਮ ਪੀ. ਜੀ. ਆਈ. ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਬੀਤੇ ਦਿਨ ਦੁਪਹਿਰ ਸਮੇਂ ਜਦੋਂ ਪੋਸਟਮਾਰਟਮ ਉਪਰੰਤ ਬੱਚਿਆਂ ਦੀਆਂ ਲਾਸ਼ਾਂ ਘਰ ਪਹੁੰਚੀਆਂ ਤਾਂ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਜਦਕਿ ਉਸ ਦਾ ਪਿਤਾ ਬਦਹਵਾਸੀ ਦੀ ਹਾਲਤ 'ਚ ਸੀ।

ਬੱਚਿਆਂ ਦੀਆਂ ਸਮੁੱਚੀਆਂ ਯਾਦਾਂ ਚੜ੍ਹੀਆਂ ਅੱਗ ਦੀ ਭੇਟ
ਆਪਣੇ ਤਿੰਨੋਂ ਬੱਚਿਆਂ ਨੂੰ ਖੋਹ ਚੁੱਕੀ ਮਾਂ ਜੋ ਸੜੀ ਹੋਈ ਝੌਂਪੜੀ ਕੋਲ ਬੈਠ ਕੇ ਹੀ ਫੁੱਟ-ਫੁੱਟ ਕੇ ਰੋ ਰਹੀ ਸੀ ਨੇ ਕਿਹਾ ਕਿ ਉਸ ਦੇ ਬੱਚਿਆਂ ਦੀਆਂ ਸਮੁੱਚੀਆਂ ਯਾਦਾਂ ਅੱਗ ਦੀ ਭੇਟ ਚੜ੍ਹ ਗਈਆਂ ਹਨ ਅਤੇ ਹੁਣ ਉਹ ਕਿਸ ਦੇ ਸਹਾਰੇ ਜਿਉਂਦੀ ਰਹੇਗੀ। ਇਸ ਅੱਗ ਨੇ ਉਨ੍ਹਾਂ ਨਾਲ ਸਬੰਧਤ ਇਕ ਵੀ ਨਿਸ਼ਾਨੀ ਨਹੀਂ ਛੱਡੀ ਹੈ। ਬੱਚਿਆਂ ਦੀਆਂ ਲਾਸ਼ਾਂ ਆਉਣ ਤੋਂ ਪਹਿਲਾਂ ਉਹ ਝੌਂਪੜੀ ਦੀ ਰਾਖ ਨੂੰ ਖੰਗਾਲ ਰਹੀ ਸੀ ਤਾਂ ਜੋ ਬੱਚਿਆਂ ਨਾਲ ਜੁੜੀ ਕੋਈ ਚੀਜ਼ ਉਸ ਨੂੰ ਪ੍ਰਾਪਤ ਹੋ ਜਾਵੇ, ਜਿਸ ਦੇ ਸਹਾਰੇ ਉਹ ਜੀਵਨ ਬਤੀਤ ਕਰ ਸਕੇ।

ਪਹਿਲਾਂ ਬਚਪਨ 'ਚ ਹੋਇਆ ਸੀ ਅਨਾਥ ਅਤੇ ਹੁਣ ਬੱਚਿਆਂ ਦੇ ਵਿਛੋੜੇ ਨੇ ਬਣਾ ਦਿੱਤਾ ਅਨਾਥ
ਬੱਚਿਆਂ ਦੇ ਗਮ 'ਚ ਪਿਤਾ ਰਾਜ ਕੁਮਾਰ ਨੇ ਕਿਹਾ ਕਿ ਜਦੋਂ ਉਹ 13 ਸਾਲ ਦਾ ਸੀ ਉਸ ਦੇ ਮਾਤਾ-ਪਿਤਾ ਬੀਮਾਰੀ ਕਾਰਨ ਚੱਲ ਵਸੇ ਸਨ, ਜਿਸ ਕਰਕੇ ਉਹ ਅਤੇ ਉਸ ਦਾ ਛੋਟਾ ਭਰਾ ਪਹਿਲਾਂ ਤਾਂ ਬਚਪਨ 'ਚ ਹੀ ਅਨਾਥ ਹੋ ਗਏ ਸਨ। ਪਰ ਹੁਣ ਤਿੰਨੋਂ ਬੱਚਿਆਂ ਦੇ ਵਿਛੋੜੇ ਨੇ ਉਸ ਨੂੰ ਮੁੜ ਅਨਾਥ ਬਣਾ ਦਿੱਤਾ ਹੈ। ਉਸ ਨੇ ਰੋਂਦੇ ਹੋਏ ਕਿਹਾ ਕਿ ਪਤਾ ਨਹੀਂ ਕਿ ਅਨਾਥ ਦਾ ਸਰਾਪ ਕਦੋਂ ਉਸ ਦਾ ਪਿੱਛਾ ਛੱਡੇਗਾ। ਮਾਪਿਆਂ ਨੇ ਕਿਹਾ ਕਿ ਉਹ ਇੱਥੇ ਹੀ ਰਹਿ ਕੇ ਬੱਚਿਆਂ ਦੀ ਯਾਦ ਦੇ ਸਹਾਰੇ ਜੀਵਨ ਬਤੀਤ ਕਰਨਗੇ।

PunjabKesari
ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਵੱਡਾ ਨੇਤਾ ਨਹੀਂ ਪਹੁੰਚਿਆ ਸਸਕਾਰ ਮੌਕੇ
ਭਾਵੇਂ ਇੰਨਾ ਵੱਡਾ ਹਾਦਸਾ ਵਾਪਰਿਆ ਅਤੇ ਗਰੀਬ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰ ਸ਼ਹਿਰ ਦੀਆਂ ਕੁਝ ਕੁ ਸਖਸ਼ੀਅਤਾਂ ਤੋਂ ਇਲਾਵਾ ਜ਼ਿਲੇ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਾ ਤਾਂ ਸਸਕਾਰ 'ਤੇ ਹੀ ਪਹੁੰਚਿਆ ਅਤੇ ਨਾ ਹੀ ਕੋਈ ਵੱਡਾ ਨੇਤਾ ਉਕਤ ਦੁੱਖਾਂ ਦੇ ਮਾਰੇ ਗਰੀਬ ਦੀ ਝੌਂਪੜੀ 'ਚ ਦੁੱਖ ਵੰਡਾਉਣ ਆਇਆ।


ਪ੍ਰਸ਼ਾਸਨ ਪੀੜਤ ਪਰਿਵਾਰ ਨੂੰ ਜਲਦ ਦੇਵੇ ਮੁਆਵਜ਼ਾ : ਵਿਧਾਇਕ ਸੰਦੋਆ
ਸਸਕਾਰ ਮੌਕੇ ਪਹੁੰਚੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਬੱਚਿਆਂ ਦੇ ਮਾਪਿਆਂ ਨੂੰ ਦਿਲਾਸਾ ਦਿੰਦਿਆਂ ਉਨ੍ਹਾਂ ਨਾਲ ਦੁੱਖ ਵੰਡਾਇਆ। ਉਨ੍ਹਾਂ ਨੇ ਕਿਹਾ ਕਿ ਉਕਤ ਬੱਚਿਆਂ ਦੀ ਮੌਤ ਕੁਦਰਤੀ ਨਹੀਂ ਬਲਕਿ ਇਕ ਅਚਾਨਕ ਵਾਪਰੇ ਹਾਦਸੇ 'ਚ ਹੋਈ ਅਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦਾ ਇਸ ਮੌਕੇ ਨਾ ਪਹੁੰਚਣਾ ਮੰਦਭਾਗਾ ਹੈ। ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਰਿਵਾਰ ਦਾ ਦੁੱਖ ਵੰਡਾਉਣ ਲਈ ਪੀੜਤ ਮਾਪਿਆਂ ਨੂੰ ਜਲਦ ਬਣਦੀ ਮੁਆਵਜ਼ਾ ਰਾਸ਼ੀ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਲਦ ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮਿਤ ਜਾਰੰਗਲ ਨਾਲ ਵੀ ਮੁਲਾਕਾਤ ਕਰਨਗੇ। ਸਸਕਾਰ ਮੌਕੇ ਵਿਧਾਇਕ ਸੰਦੋਆ ਤੋਂ ਇਲਾਵਾ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਮਾ. ਜਗਨ ਨਾਥ ਭੰਡਾਰੀ, ਸਾਬਕਾ ਸਰਪੰਚ ਬਰਿੰਦਰ ਬੁਲੀ, ਮਾ. ਗੁਰਨੈਬ ਸਿੰਘ, ਸਾਬਕਾ ਪੰਚ ਗੁਰਨੈਬ ਸਿੰਘ, ਬੱਬੂ ਚੱਢਾ, ਡਾ. ਦਵਿੰਦਰ ਬਜਾੜ, ਮਨਦੀਪ ਬਾਲੀ ਅਤੇ ਤਰਲੋਚਨ ਸਿੰਘ ਆਦਿ ਸ਼ਖਸੀਅਤਾਂ ਹਾਜ਼ਰ ਸਨ।


shivani attri

Content Editor

Related News