ਘਰਾਂ ਤੱਕ ਡਿਲਿਵਰ ਹੋ ਰਹੀ ‘ਡ੍ਰੈਗਨ ਡੋਰ’, ਸੋਸ਼ਲ ਮੀਡੀਆ ਜ਼ਰੀਏ ਇੰਝ ਲਿਆ ਜਾ ਰਿਹੈ ਆਰਡਰ

Thursday, Jan 07, 2021 - 11:21 AM (IST)

ਜਲੰਧਰ (ਵਰੁਣ)— ਪੰਛੀਆਂ ਅਤੇ ਇਨਸਾਨ ਦੀ ਜ਼ਿੰਦਗੀ ਲਈ ਖ਼ਤਰਨਾਕ ਡ੍ਰੈਗਨ ਡੋਰ ਦੀ ਸੁਸਤ ਸਿਸਟਮ ਕਾਰਨ ਘਰ ਤੱਕ ਡਿਲਿਵਰੀ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸਾਈਬਰ ਸੈੱਲ ਹੋਣ ਦੇ ਬਾਵਜੂਦ ਜਲੰਧਰ ਕਮਿਸ਼ਨਰੇਟ ਪੁਲਸ ਦੀ ਨੱਕ ਹੇਠਾਂ ਫੇਸਬੁੱਕ ਅਤੇ ਵ੍ਹਟਸਐਪ ’ਤੇ ਸਟੇਟਸ ਲਾ ਕੇ ਡ੍ਰੈਗਨ ਡੋਰ ਦੇ ਕਾਰੋਬਾਰੀ ਆਰਡਰ ਲੈ ਰਹੇ ਹਨ ਅਤੇ ਖੁਦ ਹੀ ਡਿਲਿਵਰੀ ਵੀ ਦੇ ਰਹੇ ਹਨ। ਇੰਨਾ ਹੀ ਨਹੀਂ, ਬੇਖ਼ੌਫ਼ ਦੁਕਾਨਦਾਰਾਂ ਨੇ ਆਪਣੀ ਦੁਕਾਨ ’ਚ ਤਾਂ ਡ੍ਰੈਗਨ ਡੋਰ ਡੰਪ ਨਹੀਂ ਕੀਤੀ ਪਰ ਦੁਕਾਨਾਂ ਦੇ ਆਸ-ਪਾਸ ਕਿਰਾਏ ਦੇ ਕਮਰੇ ਜਾਂ ਫਿਰ ਘਰ ਲੈ ਕੇ ਉਥੇ ਸਾਰਾ ਸਾਲ ਡੋਰ ਨੂੰ ਡੰਪ ਕੀਤਾ ਜਾ ਰਿਹਾ ਹੈ। ਜਲੰਧਰ ਪੁਲਸ ਦੀ ਨਾਕਾਮੀ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਹੀ ਜਲੰਧਰ ’ਚ ਜਗ੍ਹਾ-ਜਗ੍ਹਾ ਡ੍ਰੈਗਨ ਡੋਰ ਡੰਪ ਵੀ ਹੋ ਚੁੱਕੀ ਹੈ ਪਰ ਅਜੇ ਤੱਕ ਪੁਲਸ ਡ੍ਰੈਗਨ ਡੋਰ ਦੀ ਵੱਡੀ ਰਿਕਵਰੀ ਨਹੀਂ ਕਰ ਸਕੀ।

ਡ੍ਰੈਗਨ ਡੋਰ (ਪਲਾਸਟਿਕ ਡੋਰ) ਦੇ ਕਾਰੋਬਾਰੀ ਸ਼ਰੇਆਮ ਸੋਸ਼ਲ ਮੀਡੀਆ ’ਤੇ ਡ੍ਰੈਗਨ ਡੋਰ ਦੇ ਗੱਟੂ ਦੀਆਂ ਤਸਵੀਰਾਂ ਲਾ ਕੇ ਗਾਹਕਾਂ ਤੱਕ ਡੋਰ ਪਹੁੰਚਾ ਰਹੇ ਹਨ। ਇੰਨਾ ਹੀ ਨਹੀਂ, ਸਟੇਟਸ ’ਤੇ ਉਨ੍ਹਾਂ ਨੇ ਆਪਣਾ ਨੰਬਰ ਵੀ ਲਿਖਿਆ ਹੋਇਆ ਹੈ, ਜਿਸ ਵਿਚ ਸਾਫ ਲਿਖਿਆ ਗਿਆ ਹੈ ਕਿ ਆਰਡਰ ਕਰਨ ਲਈ ਸਿਰਫ ਵ੍ਹਟਸਐਪ ਕਾਲ ਹੀ ਕਰੋ। ਜੇ ਕੋਈ ਨਾਰਮਲ ਕਾਲ ਕਰ ਦੇਵੇ ਤਾਂ ਡ੍ਰੈਗਨ ਡੋਰ ਦਾ ਆਰਡਰ ਨਹੀਂ ਲਿਆ ਜਾਂਦਾ। ਇਸ ਤੋਂ ਇਲਾਵਾ ਸਟੇਟਸ ’ਤੇ ਅੱਧਾ ਕਿਲੋ ਅਤੇ ਇਕ ਕਿਲੋ ਦੇ ਗੱਟੂ ਦਾ ਰੇਟ ਤੱਕ ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

PunjabKesari

ਇਸ ਸਮੇਂ ਮਾਰਕੀਟ ਵਿਚ ਅੱਧਾ ਕਿਲੋ ਦਾ ਗੱਟੂ 250 ਰੁਪਏ ਤੋਂ 300 ਰੁਪਏ ਤੱਕ ਵੇਚਿਆ ਜਾ ਰਿਹਾ ਹੈ। ਉਥੇ ਹੀ ਦੁਕਾਨਦਾਰ ਇਸ ਨੂੰ ਹੋਲਸੇਲ ਵਿਚ 170 ਤੋਂ 190 ਰੁਪਏ ਵਿਚ ਖਰੀਦਦਾ ਹੈ। ਇਕ ਕਿਲੋ ਦੇ ਗੱਟੂ ਦੀ ਕੀਮਤ 500 ਰੁਪਏ ਤੋਂ 600 ਰੁਪਏ ਤੱਕ ਹੈ। 600 ਰੁਪਏ ਵਾਲਾ ਗੱਟੂ ਹੋਰ ਵੀ ਖ਼ਤਰਨਾਕ ਹੈ, ਜਿਸ ਨਾਲ ਪਤੰਗ ਉਡਾਉਣ ਵਾਲੇ ਨੂੰ ਵੀ ਖਤਰਾ ਹੈ। ਇਸ ਤੋਂ ਇਲਾਵਾ ਜੇਕਰ ਗਾਹਕ ਰੇਟ ਘੱਟ ਕਰਨ ਦਾ ਦਬਾਅ ਵੀ ਪਾਵੇ ਤਾਂ ਸਪਲਾਈ ਕਰਨ ਲਈ ਦੁਕਾਨਦਾਰਾਂ ਵੱਲੋਂ ਰੱਖੇ ਗਏ ਨੌਜਵਾਨ ਬਿਨਾਂ ਗੱਟੂ ਦਿੱਤੇ ਵਾਪਸ ਆ ਜਾਂਦੇ ਹਨ।

ਸੂਤਰਾਂ ਦੀ ਮੰਨੀਏ ਤਾਂ ਜਲੰਧਰ ਵਿਚ ਹੀ ਤਕਰੀਬਨ 150 ਦੁਕਾਨਦਾਰ ਡ੍ਰੈਗਨ ਡੋਰ ਦੇ ਗੱਟੂਆਂ ਦੀ ਸੇਲ ਕਰ ਰਹੇ ਹਨ। ਇਨ੍ਹਾਂ ਦੀ ਸਪਲਾਈ ਦੇਣ ਆਉਣ ਵਾਲਾ ਨੌਜਵਾਨ ਸਿਰਫ ਕੁਝ ਸੈਕਿੰਡਾਂ ਲਈ ਹੀ ਰੁਕਦਾ ਹੈ। ਗੱਟੂ ਖਰੀਦਣ ਵਾਲੇ ਨੂੰ ਪਹਿਲਾਂ ਗਲੀਆਂ ਦੇ ਚੱਕਰ ਲਗਾਏ ਜਾਂਦੇ ਹਨ ਤਾਂ ਕਿ ਸਾਰਿਆਂ ਦੀ ਨਜ਼ਰ ਤੋਂ ਬਚਿਆ ਜਾ ਸਕੇ। ਇਨ੍ਹਾਂ ਨੌਜਵਾਨਾਂ ਨੂੰ ਇਕ ਸਮੱਗਲਰ ਦੀ ਤਰ੍ਹਾਂ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਕਿ ਜੇ ਕੋਈ ਪੁਲਸ ਦਾ ਟ੍ਰੈਪ ਵੀ ਲੱਗਾ ਹੈ ਤਾਂ ਉਹ ਪੁਲਸ ਨੂੰ ਵੀ ਚਕਮਾ ਦੇ ਸਕਣ। ਉਥੇ ਹੀ ਪੁਲਸ ਦੀਆਂ ਕੁਝ ਕਾਲੀਆਂ ਭੇਡਾਂ ਕਾਰਣ ਡ੍ਰੈਗਨ ਡੋਰ ਮਾਰਕੀਟ ਵਿਚ ਵਿਕ ਰਹੀ ਹੈ, ਹਾਲਾਂਕਿ ਜਲੰਧਰ ਵਿਚ ਡ੍ਰੈਗਨ ਡੋਰ ਕਾਰਣ ਇੰਨੇ ਹਾਦਸੇ ਵੀ ਹੋ ਚੁੱਕੇ ਹਨ ਫਿਰ ਵੀ ਪੁਲਸ ਨੇ ਡ੍ਰੈਗਨ ਡੋਰ ਵੇਚਣ ਵਾਲਿਆਂ ਲਈ ਕੁਝ ਸਖ਼ਤ ਐਕਸ਼ਨ ਲੈਣ ਲਈ ਕੋਈ ਭੂਮਿਕਾ ਹੀ ਨਹੀਂ ਤਿਆਰ ਕੀਤੀ।

ਇਨ੍ਹਾਂ ਥਾਵਾਂ ’ਤੇ ਵਿਕ ਰਹੀ ਹੈ ਡ੍ਰੈਗਨ ਡੋਰ
ਜਲੰਧਰ ’ਚ ਇਸ ਸਮੇਂ ਖਿੰਗਰਾ ਗੇਟ, ਸੈਦਾਂ ਗੇਟ, ਰਸਤਾ ਮੁਹੱਲਾ, ਮਕਸੂਦਾਂ, ਕਿਸ਼ਨਪੁਰਾ, ਕਾਜ਼ੀ ਮੰਡੀ, ਸ਼ੇਖਾਂ ਬਾਜ਼ਾਰ, ਅਟਾਰੀ ਬਾਜ਼ਾਰ ਦੇ ਨੇੜੇ, ਆਬਾਦਪੁਰਾ, ਮਾਈ ਹੀਰਾਂ ਗੇਟ, ਸੋਢਲ ਖੇਤਰ ਵਿਚ ਸਭ ਤੋਂ ਜ਼ਿਆਦਾ ਡ੍ਰੈਗਨ ਡੋਰ ਵੇਚੀ ਜਾ ਰਹੀ ਹੈ। ਮਾਈ ਹੀਰਾਂ ਗੇਟ ਵਿਚ ਇਕ ਮਾਰੂਤੀ ਕਾਰ ਵਿਚ ਚਾਈਨੀਜ਼ ਡੋਰ ਦਾ ਕਾਰੋਬਾਰੀ ਗੱਟੂ ਵੇਚ ਰਿਹਾ ਹੈ। ਡ੍ਰੈਗਨ ਡੋਰ ਵੇਚਣ ਵਾਲਿਆਂ ਨੇ ਜ਼ਿਆਦਾਤਰ ਨਾਬਾਲਿਗਾਂ ਨੂੰ ਡਲਿਵਰੀ ਲਈ ਰੱਖਿਆ ਹੋਇਆ ਹੈ। ਜਿਵੇਂ ਹੀ ਉਨ੍ਹਾਂ ਕੋਲ ਆਰਡਰ ਆਉਂਦਾ ਹੈ ਤਾਂ ਇਕ-ਇਕ ਕਰਕੇ ਗਾਹਕਾਂ ਨੂੰ ਦੱਸੇ ਗਏ ਅੱਡੇ ’ਤੇ ਗੱਟੂ ਦੇ ਦਿੱਤੇ ਜਾਂਦੇ ਹਨ।

ਜਲੰਧਰ ਪੁਲਸ ਨੇ ਨਹੀਂ ਲਿਆ ਨੋਟਿਸ
ਜਲੰਧਰ ਪੁਲਸ ਨੇ ਡ੍ਰੈਗਨ ਡੋਰ ਨੂੰ ਲੈ ਕੇ ਅਜੇ ਤੱਕ ਕੋਈ ਨੋਟਿਸ ਨਹੀਂ ਲਿਆ। ਜਲੰਧਰ ਪੁਲਸ ਦੇ ਫੇਸਬੁੱਕ ਪੇਜ ’ਤੇ ਡ੍ਰੈਗਨ ਡੋਰ ਦੀ ਵਰਤੋਂ ਲਈ ਨਾ ਹੀ ਲੋਕਾਂ ਨੂੰ ਕੋਈ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਨਾ ਹੀ ਵੇਚਣ ਵਾਲਿਆਂ ਲਈ ਕੋਈ ਚਿਤਾਵਨੀ ਭਰੀ ਪੋਸਟ ਪਾਈ ਗਈ ਹੈ, ਹਾਲਾਂਕਿ ਡ੍ਰੈਗਨ ਡੋਰ ਦੇ ਕਾਰੋਬਾਰੀ ਸੋਸ਼ਲ ਮੀਡੀਆ ਦੀ ਪੂਰੀ ਵਰਤੋਂ ਕਰ ਰਹੇ ਹਨ ਪਰ ਜਲੰਧਰ ਪੁਲਸ ਦੀ ਅਜੇ ਤੱਕ ਅੱਖ ਨਹੀਂ ਖੁੱਲ੍ਹੀ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਇੰਨੀ ਖ਼ਤਰਨਾਕ ਹੈ ਡ੍ਰੈਗਨ ਡੋਰ
ਡ੍ਰੈਗਨ ਡੋਰ ਦੀ ਵਰਤੋਂ ਕਰਨ ਵਾਲੇ ਹਮੇਸ਼ਾ ਮੌਤ ਦੇ ਸਾਏ ਹੇਠ ਹੁੰਦੇ ਹਨ। ਇਹ ਇੰਨੀ ਖਤਰਨਾਕ ਹੁੰਦੀ ਹੈ ਕਿ ਪਤੰਗ ਉਡਾਉਂਦੇ ਸਮੇਂ ਪਤੰਗ ਉਡਾਉਣ ਵਾਲਿਆਂ ਦੇ ਹੱਥਾਂ ਦੀਆਂ ਉਂਗਲੀਆਂ ਕੱਟਣ ਦਾ ਡਰ ਲੱਗਾ ਰਹਿੰਦਾ ਹੈ। ਇਸ ਤੋਂ ਇਲਾਵਾ ਕੋਈ ਵੀ ਡ੍ਰੈਗਨ ਡੋਰ ’ਚ ਫਸ ਜਾਵੇ ਤਾਂ ਉਸਦਾ ਬੁਰੀ ਤਰ੍ਹਾਂ ਜ਼ਖ਼ਮੀ ਹੋਣਾ ਲਾਜ਼ਮੀ ਹੈ। ਹਾਈ ਵੋਲਟੇਜ ਤਾਰਾਂ ’ਚ ਫਸਣ ’ਤੇ ਵੀ ਡ੍ਰੈਗਨ ਡੋਰ ਵਿਚ ਕਰੰਟ ਆ ਜਾਂਦਾ ਹੈ, ਜਿਸ ਕਾਰਨ ਪਹਿਲਾਂ ਵੀ ਕਰੰਟ ਲੱਗਣ ਨਾਲ ਬੱਚੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। 2017 ਵਿਚ ਅਜਿਹਾ ਹੀ ਹਾਦਸਾ ਨਾਰਥ ਹਲਕੇ ਵਿਚ ਹੋਇਆ ਸੀ, ਜਿਸ ਵਿਚ ਚੌਥੀ ਕਲਾਸ ਦੇ ਮਾਸੂਮ ਬੱਚੇ ਨੇ ਡ੍ਰੈਗਨ ਡੋਰ ਵਾਲੀ ਪਤੰਗ ਲੁੱਟਣ ਲਈ ਜਿਵੇਂ ਹੀ ਡੋਰ ਫੜੀ ਤਾਂ ਡੋਰ ਵਿਚ ਕਰੰਟ ਆ ਗਿਆ ਅਤੇ ਉਹ ਛੱਤ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਣ ਉਸਦੀ ਮੌਤ ਹੋ ਗਈ। ਅਜਿਹੇ ਹੋਰ ਵੀ ਕਈ ਹਾਦਸੇ ਹੋ ਚੁੱਕੇ ਹਨ। ਇਹੀ ਕਾਰਣ ਹੈ ਕਿ ਮਾਸੂਮ ਬੱਚਿਆਂ ਤੋਂ ਲੈ ਕੇ ਬੇਜ਼ੁਬਾਨ ਪੰਛੀਆਂ ਅਤੇ ਰਾਹਗੀਰਾਂ ਨੂੰ ਬਚਾਉਣ ਲਈ ‘ਪੰਜਾਬ ਕੇਸਰੀ ਗਰੁੱਪ’ ਡ੍ਰੈਗਨ ਡੋਰ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਮੁਹਿੰਮ ਚਲਾ ਰਿਹਾ ਹੈ।

ਗੰਭੀਰ ਮਾਮਲੇ
11 ਜਨਵਰੀ 2020 ਨੂੰ ਬਸ਼ੀਰਪੁਰਾ ਨਿਵਾਸੀ ਰਵੀ ਸ਼ਰਮਾ ਦਾ ਚਾਈਨੀਜ਼ ਡੋਰ ਕਾਰਣ ਗਲਾ ਕੱਟਿਆ ਗਿਆ ਸੀ, ਜਿਸ ਕਾਰਣ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ।
28 ਜਨਵਰੀ ਨੂੰ ਦੋਮੋਰੀਆ ਪੁਲ ਨੇੜੇ ਸਲੂਨ ਜਾ ਰਹੇ ਰੋਬਿਨ ਦਾ ਚਾਈਨੀਜ਼ ਡੋਰ ਕਾਰਨ ਗਲਾ ਕੱਟਿਆ ਗਿਆ ਸੀ। ਰੋਬਿਨ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ।
31 ਜਨਵਰੀ ਨੂੰ ਬੀ. ਐੱਸ. ਐੱਨ. ਐੱਲ. ਦੇ ਸਾਬਕਾ ਕਰਮਚਾਰੀ ਪ੍ਰਦੀਪ ਕੁਮਾਰ ਵਾਸੀ ਕਮਲ ਵਿਹਾਰ ਵੀ ਚਾਈਨੀਜ਼ ਡੋਰ ਕਾਰਣ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਨ।

ਸ਼ਿਵ ਸੈਨਾ ਹਿੰਦ ਨੇ ਟ੍ਰੈਪ ਲਗਾ ਕੇ ਫੜਵਾਏ ਗੱਟੂ
ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਖਿੰਗਰਾ ਗੇਟ ਵਿਚ ਰੇਡ ਕਰਵਾ ਕੇ ਡ੍ਰੈਗਨ ਡੋਰ ਫੜਵਾਈ ਹੈ। ਸੂਤਰਾਂ ਦੀ ਮੰਨੀਏ ਤਾਂ ਉਥੋਂ ਹੁੱਕੇ ਦੇ ਫਲੇਵਰ ਵੀ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਫੜਿਆ ਗਿਆ ਨੌਜਵਾਨ ਹੁੱਕਾ ਫਲੇਵਰ ਦਾ ਬਹੁਤ ਵੱਡਾ ਸਪਲਾਇਰ ਹੈ, ਹਾਲਾਂਕਿ ਉਸ ਨੂੰ ਛੁਡਵਾਉਣ ਲਈ ਕਾਫ਼ੀ ਦਬਾਅ ਵੀ ਪਾਇਆ ਜਾ ਰਿਹਾ ਹੈ। ਥਾਣਾ ਨੰਬਰ 3 ਦੀ ਪੁਲਸ ਵੀ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਜੇ ਪੁਲਸ ਦਾ ਇਹੀ ਰਵੱਈਆ ਰਿਹਾ ਤਾਂ ਡ੍ਰੈਗਨ ਡੋਰ ’ਤੇ ਪੂਰੀ ਤਰ੍ਹਾਂ ਰੋਕ ਕਿਵੇਂ ਲੱਗੇਗੀ। ਉਧਰ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਸ਼ਹਿਰ ਵਿਚ ਗੱਟੂ ਦਾ ਕਾਰੋਬਾਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ‘ਪੰਜਾਬ ਕੇਸਰੀ ਗਰੁੱਪ’ ਦੀ ਮੁਹਿੰਮ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਡ੍ਰੈਗਨ ਡੋਰ ਵੇਚਣ ਵਾਲਿਆਂ ਵਿਰੁੱਧ ਸਿਰਫ਼ 188 ਦਾ ਨਹੀਂ, ਸਗੋਂ ਹੋਰ ਵੀ ਧਾਰਾਵਾਂ ਅਧੀਨ ਕੇਸ ਦਰਜ ਹੋਣਾ ਚਾਹੀਦਾ ਹੈ ਤਾਂ ਕਿ ਉਹ ਭਵਿੱਖ ਵਿਚ ਡ੍ਰੈਗਨ ਡੋਰ ਦਾ ਕਾਰੋਬਾਰ ਨਾ ਕਰਨ। ਉਨ੍ਹਾਂ ਕਿਹਾ ਕਿ ਮਾਂ-ਬਾਪ ਵੀ ਆਪਣੇ ਬੱਚਿਆਂ ਨੂੰ ਡ੍ਰੈਗਨ ਡੋਰ ਦੀ ਵਰਤੋਂ ਕਰਨ ਤੋਂ ਰੋਕਣ ਤਾਂ ਕਿ ਬੱਚਿਆਂ ਸਮੇਤ ਪੰਛੀਆਂ ਅਤੇ ਹੋਰਾਂ ਦਾ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿਥੇ ਵੀ ਪਤਾ ਲੱਗਾ ਕਿ ਡ੍ਰੈਗਨ ਡੋਰ ਵੇਚੀ ਜਾ ਰਹੀ ਹੈ, ਉਹ ਉਥੇ ਰੇਡ ਕਰਵਾ ਕੇ ਉਨ੍ਹਾਂ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣਗੇ। ਇਸ ਦੌਰਾਨ ਸ਼ਿਵ ਸੈਨਾ ਹਿੰਦ ਦੇ ਜ਼ਿਲਾ ਪ੍ਰਧਾਨ ਸੋਹਿਤ ਸ਼ਰਮਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News