ਪੰਜਾਬ ਪੁਲਸ ਦਾ ਇਤਿਹਾਸ
Friday, Jun 12, 2020 - 04:31 PM (IST)
ਪੰਜਾਬ ਪੁਲਸ ਦਾ ਇਤਿਹਾਸ ਅਤਿ ਗੌਰਵਸ਼ਾਲੀ ਰਿਹਾ ਹੈ ਅਤੇ ਇਹ ਆਪਣੇ ਕਰਤਬ ਨੂੰ ਤਰਜੀਹ ਦੇਣ ਲਈ ਪ੍ਰਸਿੱਧ ਹੈ। ਇਥੋਂ ਤੱਕ ਕਿ ਸੁਤੰਤਰਤਾ ਤੋਂ ਪਹਿਲਾਂ ਵੀ ਪੰਜਾਬ ਪੁਲਸ ਆਪਣੇ ਪ੍ਰਭਾਵੀ ਪੁਲਸ ਤੰਤਰ ਲਈ ਦੇਸ਼ ਵਿਚ ਪ੍ਰਸਿੱਧ ਸੀ ਅਤੇ ਇਸ ਦੀ ਪ੍ਰਸਿੱਧੀ ਨਿੱਜੀ ਰਹਿਨੁਮਾਈ ਤੇ ਨਿੱਜੀ ਉਦਾਹਰਨਾਂ ਰਾਹੀਂ ਅਤੇ ਇਹਨਾਂ ਸਾਰੀਆਂ ਸ਼ਾਨਦਾਰ ਰਵਾਇਤਾਂ , ਅਨੁਸ਼ਾਸਨ ਅਤੇ ਉਚ ਦਰਜੇ ਦੇ ਪੇਸ਼ਵਰਾਨਾ ਨਜ਼ਰੀਏ ਕਾਰਨ ਲਗਾਤਾਰ ਵਾਧਾ ਹੋ ਰਿਹਾ ਹੈ।
1849 ਵਿਚ ਅੰਗਰੇਜ਼ੀ ਸ਼ਾਸਨ ਵਲੋਂ ਪੰਜਾਬ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਪੰਜਾਬ ਪੁਲਸ 1861 ਤੋਂ ਬਾਅਦ ਇੱਕ ਵੱਖਰੀ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਈ। ਆਪਣੇ 150 ਸਾਲਾਂ ਦੇ ਇਤਿਹਾਸ ਵਿਚ ਪੁਲਸ ਦਸਤੇ ਨੇ ਰਾਜ ਵਿਚ ਕਈ ਔਖੇ ਪੜਾਵਾਂ ਦਾ ਸਾਹਮਣਾ ਕੀਤਾ ਹੈ। ਕਨੂੰਨ ਤੇ ਵਿਵਸਥਾ ਦੀ ਸਥਿਤੀ ਨਾਲ ਨਜਿੱਠਣ ਦੀ ਜ਼ਿਮੇਵਾਰੀ ਪੁਲਸ ਦੇ ਸਾਹਮਣੇ ਇਕ ਚੁਣੌਤੀ ਰਹੀ ਹੈ ਕਿਉਂਕਿ ਰਾਜ ਦੇ ਲੋਕ ਜਮਾਂਦਰੂ ਤੌਰ ਤੇ ਸੂਰਬੀਰ ਤੇ ਜੁਝਾਰੂ ਪ੍ਰਵਿਰਤੀ ਦੇ ਮਾਲਕ ਹਨ।
ਪੁਲਸ ਦੀ ਪੁਨਰਗਠਨ ਪ੍ਰਕਿਰਿਆ 1898 ਵਿਚ ਸ਼ੁਰੂ ਹੋਈ, ਜਦੋਂ ਕਿ ਇੰਸਪੈਕਟਰ ਜਨਰਲ ਦੀ ਅਸਾਮੀ ਤੇ ਸੈਨਾ ਦੇ ਅਧਿਕਾਰੀਆਂ ਦੀ ਨਿਯੁਕਤੀ ਦੀ ਪ੍ਰਥਾ ਬੰਦ ਕੀਤੀ ਗਈ ਪ੍ਰੰਤੂ ਅੰਗਰੇਜਾਂ ਵਲੋਂ 1902 ਵਿਚ ਇੰਡੀਅਨ ਪੁਲਸ ਕਮਿਸ਼ਨ ਦੀ ਸਥਾਪਨਾ ਕਰਕੇ ਪੁਲਸ ਪ੍ਰਣਾਲੀ ਵਿਚ ਖਾਮੀਆਂ ਦੀ ਸ਼ਨਾਖਤ ਕਰਨ ਲਈ ਇਕ ਸਾਰਥਕ ਜਤਨ ਕੀਤਾ ਗਿਆ ਸੀ। ਇਸ ਪ੍ਰਕਾਰ ਰਾਜ ਵਿਚ ਪੁਲਸ ਕਰਮੀਆਂ ਦੀ ਗਿਣਤੀ ਵਧਾਉਣ ਲਈ ਸਿਫਾਰਸ਼ ਕੀਤੀ ਗਈ ਸੀ।
1891 ਵਿਚ ਫਿਲੌਰ ਵਿਖੇ ਪੁਲਸ ਸਿਖਲਾਈ ਸਕੂਲ ਦੀ ਸਥਾਪਨਾ ਅਤੇ ਉਸ ਤੋਂ ਉਪਰੰਤ ਫਿੰਗਰ ਪ੍ਰਿੰਟ ਸੈਕਸ਼ਨ ਚਾਲੂ ਕਰਨਾ ਪੰਜਾਬ ਪੁਲਸ ਦੀਆਂ ਪ੍ਰਾਪਤੀਆਂ ਵਿਚ ਸ਼ਾਮਲ ਹੈ।
50 ਦੇ ਦਹਾਕੇ ਦੇ ਅੰਤ ਵਿਚ ਪੰਜਾਬ ਪੁਲਸ ਵਿਚ ਵਧੇਰੇ ਸੁਧਾਰ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ। ਸਾਲ 1961 ਵਿਚ ਭਾਰਤ ਦੇ ਸਾਬਕਾ ਚੀਫ ਜਸਿਟਸ ਦੀ ਅਗਵਾਈ ਹੇਠ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਜਿਸ ਨੇ ਕਿ ਮਈ 1962 ਵਿਚ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਚ ਪੁਲਸ ਦਸਤੇ ਦੀ ਸਕਰੀਨਿੰਗ, ਡਾਇਰੈਕਟਰ ਫੌਂਰੈਂਸਿਕ ਸਾਇੰਸ ਲੈਬੋਰੇਟਰੀ ਅਧੀਨ ਵਾਰਦਾਤ ਦੇ ਸੁਰਾਗਾਂ ਦੀ ਜਾਂਚ ਲਈ ਸਾਇੰਸ ਪ੍ਰਯੋਗਸ਼ਾਲਾ ਦੀ ਸਥਾਪਨਾ ਅਤੇ ਖੋਜ ਕੇਂਦਰ ਦੀ ਸਥਾਪਨਾ, ਮਨੁੱਖੀ ਵਸੀਲੇ ਵਿਕਾਸ ਦੀਆਂ ਬਿਹਤਰ ਯੋਜਨਾਵਾਂ ਚਾਲੂ ਕਰਨਾ ਸ਼ਾਮਲ ਸੀ। ਉਦੋਂ ਤੋਂ ਹੁਣ ਤੱਕ ਰਾਜ ਵਿਚ ਪੁਲਸ ਦਸਤਿਆਂ ਨੇ ਬੜੀ ਤਰੱਕੀ ਕੀਤੀ ਹੈ। ਭਾਵੇਂ ਉਹ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਲੱਖਾਂ ਦੀ ਗਿਣਤੀ ਵਿਚ ਜਨ ਸਮੂਹ ਦੇ ਵਟਾਂਦਰੇ ਦੇ ਅਤੀ ਸੰਵੇਦਨਸ਼ੀਲ ਵਾਕਿਆਂ ਨਾਲ ਨਿਜੱਠਣਾ ਹੋਵੇ ਜਾਂ ਪੰਜਾਹ ਦੇ ਦਹਾਕੇ ਵਿਚ ਡਕੈਤੀਆਂ ਦੀਆਂ ਵਾਰਦਾਤਾਂ ਉੱਤੇ ਕਾਬੂ ਪਾਉਣਾ ਹੋਵੇ ਜਾਂ ਸੱਠਵਿਆਂ ਸੱਤਰਵਿਆਂ ਵਿਚ ਨਕਸਲੀ ਹਿੰਸਾ ਦੇ ਮਾਮਲੇ ਹੋਣ। ਪੰਜਾਬ ਪੁਲਸ ਨੇ ਸਫਲਤਾ ਪੂਰਵਕ ਹਿੰਸਾ ਉਪਰ ਕਾਬੂ ਪਾਇਆ ਹੈ। ਸਰਹੱਦੀ ਸੁਰੱਖਿਆ ਦਸਤੇ ਦੀ ਸਥਾਪਨਾ ਤੋਂ ਪਹਿਲਾਂ ਪਾਕਿਸਤਾਨ ਨਾਲ ਲਗਦੀ ਬਹੁਤੀ ਵਸੋਂ ਵਾਲੀ ਗੈਰ ਕੁਦਰਤੀ ਭੋਂ-ਵਾਲੀ ਸੀ਼ਮਾ ਅਤੇ ਗੈਰ-ਦੋਸਤਾਨਾ ਜਲਵਾਯੂ ਵਾਲੇ ਬੰਜਰ ਪਹਾੜੀ ਵਾਸੀਆਂ ਲਦਾਖ ਅਤੇ ਕਸ਼ਮੀਰ ਦੇ ਚੀਨ ਨਾਲ ਲੱਗਦੀਆਂ ਸੀਮਾਵਾਂ ਉਤੇ ਪੰਜਾਬ ਆਰਮਡ ਪੁਲਸ ਬਟਾਲੀਅਨਾਂ ਦੀ ਤਾਇਨਾਤੀ ਮੱਧ-ਸੱਠਵਿਆਂ ਤੱਕ ਕੀਤੀ ਜਾਂਦੀ ਰਹੀ ਸੀ। ਉਹਨਾਂ ਬਹਾਦਰ ਜਵਾਨਾਂ ਨੇ 1962 ਅਤੇ 1965 ਵਿਚ ਬਿਦੇਸ਼ੀਆਂ ਵਲੋਂ ਹਥਿਆਰਬੰਦ ਹਮਲਿਆਂ ਦਾ ਸਾਹਮਣਾ ਕੀਤਾ ਸੀ। ਪਿਛਲੇ ਕੁਝ ਕੁ ਸਾਲਾਂ ਦੌਰਾਨ ਪੰਜਾਬ ਪੁਲਸ ਨੇ ਪੰਜਾਬ ਵਿਚ ਦਹਿਸ਼ਤਵਾਦ ਦੇ ਖੂਨੀ ਦੌਰ ਦਾ ਸਫਲਤਾ ਪੂਰਵਕ ਸਾਹਮਣਾ ਕੀਤਾ ਹੈ, ਜਿਸ ਵਿੱਚ 1981-1994 ਦੌਰਾਨ ਤਕਰੀਬਨ 20 ਹਜ਼ਾਰ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਸਨ। ਹੁਣ ਆਧੁਨਿਕ ਸੰਚਾਰ ਸਾਜੋਸਮਾਨ, ਕਲਾਤਮਕ ਸੂਚਨਾ ਪ੍ਰਣਾਲੀ, ਵਧੀਆ ਉਪਕਰਨਾਂ ਨਾਲ ਲੈਸ, ਵਿਗਿਆਨਕ ਪ੍ਰਯੋਗਸ਼ਲਾਵਾਂ, ਅਧਿਕ ਜਵਾਬ-ਦੇਹ ਪੁਲਸ ਅਧਿਕਾਰੀ ਪੰਜਾਬ ਪੁਲਸ ਦਾ ਇੱਕ ਹਿਸਾ ਬਣ ਚੁੱਕੇ ਹਨ। ਇਹ ਇਕ ਦ੍ਰਿੜ ਵਿਸ਼ਵਾਸੀ, ਦਿਲਦਾਰ ਅਤੇ ਆਪਣੀ ਵੱਖਰੀ ਪਹਿਚਾਨ ਰੱਖਣ ਵਾਲਾ ਪੁਲਸ ਦਸਤਾ ਹੈ।
ਨੋਟ:ਇਹ ਸਾਰੀ ਜਾਣਕਾਰੀ ਪੰਜਾਬ ਪੁਲਸ ਦੀ ਅਧਿਕਾਰਤ ਵੈਬਸਾਈਟ ਤੋਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਗਈ ਹੈ।