ਅਕਾਲੀ ਦਲ ਦੀਆਂ ਪੋਲ ਖੋਲ੍ਹੋ ਰੈਲੀਆਂ ਕਾਂਗਰਸ ਦੀਆਂ ਜੜ੍ਹਾਂ ਹਿਲਾ ਦੇਣਗੀਆਂ : ਅਕਾਲੀ ਦਲ
Thursday, Feb 08, 2018 - 01:40 PM (IST)

ਨਾਭਾ (ਭੁਪਿੰਦਰ ਭੂਪਾ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਫ਼ਰਵਰੀ ਤੋਂ ਅਰੰਭ ਹੋ ਰਹੀਆਂ ਪੋਲ ਖੋਲੋ ਜ਼ਿਲਾ ਪੱਧਰੀ ਰੈਲੀਆਂ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਗੁ. ਘੋੜਿਆਂਵਾਲਾ ਵਿਖੇ ਇਕ ਧਾਰਮਿਕ ਸਮਾਗਮ ਉਪਰੰਤ ਰਿਜ਼ਰਵ ਹਲਕਾ ਨਾਭਾ ਤੋਂ ਅਕਾਲੀ ਦਲ ਦੇ ਹਲਕਾ ਮੁਖੀ ਬਾਬੂ ਕਬੀਰ ਦਾਸ ਨੇ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਪੱਖੀ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ ਜੋ ਕਿ ਨਿੰਦਣਯੋਗ ਕਾਰਵਾਈ ਹੈ। ਅੱਜ ਬਜ਼ੁਰਗ ਬੁਢਾਪਾ ਪੈਨਸ਼ਨਾਂ, ਗਰੀਬ ਵਰਗ ਲਈ ਆਟਾ-ਦਾਲ, ਬੀ. ਸੀ. ਵਰਗ ਦੇ ਲੋਕ 400 ਯੂਨਿਟ ਬਿੱਜਲੀ ਨੂੰ ਤਰਸ ਰਹੇ ਹਨ ਤੇ ਲੋਕ ਸੇਵਾ ਕੇਂਦਰ ਬੰਦ ਕਰਨ ਦੀ ਯੋਜਨਾ ਸੈਂਕੜੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਮੂੰਹ 'ਚ ਧੱਕ ਰਹੀ ਹੈ। ਦੌਰਾਨ ਅਕਾਲੀ ਦਲ ਦੇ ਸੀਨੀ. ਅਤੇ ਯੂਥ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਸਰਬ ਸੰਮਤੀ ਨਾਲ 1984 ਦੇ ਦਿੱਲੀ ਦੰਗਿਆਂ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਮੌਕੇ ਸਾ. ਚੇਅਰਮੈਨ ਜੀ.ਐੱਸ. ਬਿੱਲੂ, ਜਥੇ: ਧਰਮ ਸਿੰਘ ਧਾਰੌਂਕੀ, ਦਿਹਾਤੀ ਪ੍ਰਧਾਨ ਗੁਰਮੀਤ ਸਿੰਘ ਕੋਟ, ਯੂਥ ਆਗੂ ਸੰਦੀਪ ਸਿੰਘ ਹਿੰਦ ਕੰਬਾਈਨ, ਮਨਜੀਤ ਸਿੰਘ ਮੱਲੇਵਾਲ, ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਪੂਨੀਆਂ, ਬਲਦੇਵ ਸਿੰਘ ਅਲੌਹਰਾਂ, ਚਰਨ ਸਿੰਘ ਅਗੇਤਾ ਆਦਿ ਹਾਜ਼ਰ ਰਹੇ।