ਫੇਰਬਦਲ ਮਗਰੋਂ ''ਕੈਬਨਿਟ'' ''ਚ ਘੱਟ ਹੋਇਆ ਹਿੰਦੂ ਮੰਤਰੀਆਂ ਦਾ ਅਨੁਪਾਤ
Monday, Sep 27, 2021 - 12:20 PM (IST)
ਲੁਧਿਆਣਾ (ਹਿਤੇਸ਼) : ਪੰਜਾਬ ਕੈਬਨਿਟ ਦੇ ਪੁਨਰਗਠਨ ਦਾ ਜਾਤੀ ਸਮੀਕਰਣ ਦੇ ਆਧਾਰ 'ਤੇ ਮੁਲਾਂਕਣ ਕੀਤਾ ਜਾਵੇ ਤਾਂ ਉਸ 'ਚ ਹਿੰਦੂ ਮੰਤਰੀਆਂ ਦਾ ਅਨੁਪਾਤ ਪਹਿਲਾਂ ਨਾਲੋਂ ਘੱਟ ਹੋ ਗਿਆ ਹੈ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਬਨਿਟ 'ਚੋਂ ਬਲਬੀਰ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਸਣੇ ਤਿੰਨ ਜੱਟ ਸਿੱਖ ਮੰਤਰੀਆਂ ਨੂੰ ਹਟਾਇਆ ਗਿਆ ਹੈ ਅਤੇ ਇਕ ਅਹੁਦਾ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ਾ ਦੇਣ ਤੋਂ ਬਾਅਦ ਖ਼ਾਲੀ ਪਿਆ ਹੋਇਆ ਸੀ।
ਇਹ ਵੀ ਪੜ੍ਹੋ : ਕਿਸਾਨਾਂ ਨੇ ਸ਼ੁਰੂ ਕੀਤਾ 'ਭਾਰਤ ਬੰਦ' ਅੰਦੋਲਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ
ਉਨ੍ਹਾਂ ਦੀ ਜਗ੍ਹਾ ਰਣਦੀਪ ਨਾਭਾ, ਰਾਜਾ ਵੜਿੰਗ, ਗੁਰਕੀਰਤ ਕੋਟਲੀ ਸਮੇਤ 4 ਜੱਟ ਸਿੱਖ ਮੰਤਰੀਆਂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਬੀ. ਸੀ. ਵਰਗ ਨਾਲ ਸਬੰਧਿਤ ਸਾਧੂ ਸਿੰਘ ਧਰਮਸੋਤ ਨੂੰ ਹਟਾਉਣ ਤੋਂ ਬਾਅਦ ਬੀ. ਸੀ. ਭਾਈਚਾਰੇ 'ਚ ਆਉਂਦੇ ਸੰਗਤ ਸਿੰਘ ਗਿਲਜੀਆ ਨੂੰ ਮੰਤਰੀ ਬਣਾਇਆ ਗਿਆ ਹੈ ਪਰ ਸੁੰਦਰ ਸ਼ਾਮ ਅਰੋੜਾ ਨੂੰ ਹਟਾਉਣ ਤੋਂ ਬਾਅਦ ਪੈਦਾ ਹੋਈ ਇਕ ਹਿੰਦੂ ਮੰਤਰੀ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਗਿਆ ਹੈ।
ਹਾਲਾਂਕਿ ਪੁਰਾਣੇ ਹਿੰਦੂ ਮੰਤਰੀਆਂ ਓ. ਪੀ. ਸੋਨੀ, ਬ੍ਰਹਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ ਅਤੇ ਵਿਜੇ ਇੰਦਰ ਸਿੰਗਲਾ ਨੂੰ ਬਰਕਰਾਰ ਰੱਖਿਆ ਗਿਆ ਹੈ। ਉਧਰ ਕੈਪਟਨ ਦੀ ਕੈਬਨਿਟ 'ਚ ਜੋ ਵਾਲਮੀਕਿ ਭਾਈਚਾਰੇ ਦੇ ਕਿਸੇ ਮੈਂਬਰ ਨੂੰ ਥਾਂ ਨਹੀਂ ਦਿੱਤੀ ਗਈ ਸੀ, ਉਸ ਕਮੀ ਨੂੰ ਪੂਰਾ ਕਰਨ ਲਈ ਰਾਜ ਕੁਮਾਰ ਵੇਰਕਾ ਨੂੰ ਸ਼ਾਮਲ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ