ਪੰਜਾਬ ਪੁਲਸ ਵੱਲੋਂ 2023 ’ਚ ਸਭ ਤੋਂ ਵੱਧ 1161 ਕਿਲੋ ਹੈਰੋਇਨ ਬਰਾਮਦ, ਗੈਂਗਸਟਰਾਂ ਦੇ ਐਨਕਾਊਂਟਰ ''ਤੇ ਕੀਤਾ ਵੱਡਾ ਖ਼ੁਲਾਸਾ

Thursday, Dec 28, 2023 - 01:39 PM (IST)

ਪੰਜਾਬ ਪੁਲਸ ਵੱਲੋਂ 2023 ’ਚ ਸਭ ਤੋਂ ਵੱਧ 1161 ਕਿਲੋ ਹੈਰੋਇਨ ਬਰਾਮਦ, ਗੈਂਗਸਟਰਾਂ ਦੇ ਐਨਕਾਊਂਟਰ ''ਤੇ ਕੀਤਾ ਵੱਡਾ ਖ਼ੁਲਾਸਾ

ਚੰਡੀਗੜ੍ਹ/ਜਲੰਧਰ (ਰਮਨਜੀਤ ਸਿੰਘ, ਧਵਨ)–ਪੰਜਾਬ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਹ ਸੂਬੇ ਵਿਚ ਕਿਸੇ ਵੀ ਕੀਮਤ ’ਤੇ ਗੈਂਗਸਟਰਾਂ, ਅੱਤਵਾਦੀਆਂ ਅਤੇ ਹੋਰ ਅਪਰਾਧਕ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਹੱਦੀ ਸੂਬੇ ਪੰਜਾਬ ਨੂੰ ਅਪਰਾਧ-ਮੁਕਤ ਬਣਾਉਣ ਦੇ ਟੀਚੇ ਨੂੰ ਹਾਸਲ ਕਰੇਗੀ। ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ਨੂੰ ਤੇਜ਼ ਕਰਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਸ ਨੇ 2023 ’ਚ ਹੁਣ ਤਕ ਦੀ ਸਭ ਤੋਂ ਵੱਧ 1161 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਕੇ ਨਵਾਂ ਮੀਲ ਦਾ ਪੱਥਰ ਸਥਾਪਤ ਕੀਤਾ ਹੈ। ਪੰਜਾਬ ਪੁਲਸ ਦੇ ਆਈ. ਜੀ. (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ 65 ਨਸ਼ਾ ਪੀੜਤਾਂ ਜਿਨ੍ਹਾਂ ਨੂੰ ਘੱਟ ਮਾਤਰਾ ’ਚ ਨਸ਼ੇ ਵਾਲੇ ਪਦਾਰਥਾਂ ਨਾਲ ਫੜਿਆ ਗਿਆ ਸੀ, ਨੇ ਆਪਣਾ ਇਲਾਜ ਕਰਵਾਉਣ ਦਾ ਪ੍ਰਣ ਲੈ ਕੇ ਐੱਨ. ਡੀ. ਪੀ. ਐੱਸ. ਦੀ ਧਾਰਾ 65-ਏ ਦਾ ਲਾਭ ਉਠਾਇਆ ਹੈ। 1 ਜਨਵਰੀ ਤੋਂ 26 ਦਸੰਬਰ 2023 ਤਕ ਪੰਜਾਬ ਪੁਲਸ ਨੇ 10786 ਐੱਫ਼. ਆਈ. ਆਰਜ਼ ਜਿਨ੍ਹਾਂ ਵਿਚ 1385 ਵਪਾਰਕ ਮਾਮਲੇ ਹਨ, ਦਰਜ ਕਰਕੇ 2424 ਵੱਡੀਆਂ ਮੱਛੀਆਂ ਸਮੇਤ 14951 ਨਸ਼ਾ ਸਮੱਗਲਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਧੁੰਦ ਦੇ ਨਾਲ ‘ਸੀਤ ਲਹਿਰ’ ਦਾ ਕਹਿਰ: 400 ਤੋਂ ਪਾਰ AQI ਹੋਇਆ ਦਮ-ਘੋਟੂ, ਜਾਣੋ ਅਗਲੇ ਦਿਨਾਂ ਦਾ ਹਾਲ

ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਨੇ 1161 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਸੂਬੇ ਭਰ ’ਚੋਂ 795 ਕਿਲੋਗ੍ਰਾਮ ਅਫ਼ੀਮ, 403 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਆਡਜ਼ ਦੀਆਂ 83.17 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਇਸ ਸਾਲ ਗ੍ਰਿਫਤਾਰ ਨਸ਼ਾ ਸਮੱਗਲਰਾਂ ਪਾਸੋਂ 13.67 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਵੱਡੇ ਨਸ਼ਾ ਸਮੱਗਲਰਾਂ ਦੀਆਂ 127 ਕਰੋੜ ਰੁਪਏ ਦੀਆਂ 294 ਜਾਇਦਾਦਾਂ (110.64 ਕਰੋੜ ਰੁਪਏ ਦੀਆਂ ਅਚੱਲ ਅਤੇ 16.45 ਕਰੋੜ ਰੁਪਏ ਦੀਆਂ ਚੱਲ ਜਾਇਦਾਦਾਂ) ਜ਼ਬਤ ਕੀਤੀਆਂ ਗਈਆਂ ਹਨ, ਜਦੋਂਕਿ 26 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਹੋਰ 90 ਪ੍ਰਸਤਾਵ ਸਮਰੱਥ ਅਥਾਰਟੀ ਕੋਲ ਪੈਂਡਿੰਗ ਹਨ। ਪੰਜਾਬ ਪੁਲਸ ਵਲੋਂ 1 ਜਨਵਰੀ, 2023 ਤੋਂ ਹੁਣ ਤਕ 673 ਪੀ. ਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਆਈ. ਜੀ. ਪੀ. ਨੇ ਦੱਸਿਆ ਕਿ ਐਂਟੀ-ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ਼.) ਨੇ ਫੀਲਡ ਇਕਾਈਆਂ ਦੇ ਨਾਲ ਮਿਲ ਕੇ ਇਸ ਸਾਲ 188 ਗੈਂਗਸਟਰ/ਅਪਰਾਧੀ ਮਾਡਿਊਲਾਂ ਦਾ ਭਾਂਡਾ ਭੰਨਿਆ ਅਤੇ 482 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਉਨ੍ਹਾਂ ਪਾਸੋਂ 519 ਹਥਿਆਰ, ਅਪਰਾਧਕ ਸਰਗਰਮੀਆਂ ’ਚ ਵਰਤੇ ਗਏ 102 ਵਾਹਨ, 4.5 ਕਿਲੋ ਹੈਰੋਇਨ ਅਤੇ 71.08 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਪੁਲਸ ਅਤੇ ਅਪਰਾਧੀਆਂ ਵਿਚਾਲੇ ਘੱਟੋ-ਘੱਟ 60 ਮੁਕਾਬਲੇ ਹੋਏ, ਜਿਨ੍ਹਾਂ ਦੌਰਾਨ 9 ਗੈਂਗਸਟਰਾਂ/ਅਪਰਾਧੀਆਂ ਨੂੰ ਮਾਰਿਆ ਗਿਆ ਅਤੇ 127 ਗੈਂਗਸਟਰ/ਅਪਰਾਧੀ ਗ੍ਰਿਫ਼ਤਾਰ ਕੀਤੇ ਗਏ। ਉਨ੍ਹਾਂ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਸਬੰਧੀ ਵੇਰਵਾ ਦਿੰਦਿਆਂ ਕਿਹਾ ਕਿ 2023 ’ਚ ਅੰਦਰੂਨੀ ਸੁਰੱਖਿਆ ਇਕਾਈ ਨੇ 67 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ 13 ਅੱਤਵਾਦੀ ਮਾਡਿਊਲਾਂ ਦਾ ਭਾਂਡਾ ਭੰਨਿਆ।

ਇਹ ਵੀ ਪੜ੍ਹੋ : ਅਮਰੀਕਾ ਜਾਣ ਦੇ ਚਾਅ 'ਚ ਖ਼ਰਚੇ 25 ਲੱਖ ਰੁਪਏ, ਫਿਰ ਇੰਝ ਗਾਇਬ ਕਰਵਾ 'ਤਾ ਨੌਜਵਾਨ


author

shivani attri

Content Editor

Related News