ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਨਾਲ ਵਾਪਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਹੋਵੇ : ਸੁਖਦੇਵ ਢੀਂਡਸਾ
Saturday, May 02, 2020 - 08:39 PM (IST)
ਚੰਡੀਗੜ੍ਹ, (ਅਸ਼ਵਨੀ)— ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਨਾਲ ਵਾਪਰੇ ਘਟਨਾਕ੍ਰਮ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਸੱਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ।
ਇਥੇ ਜਾਰੀ ਇਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਰਹਿੰਦਿਆਂ ਗੁਰੂ ਦੀ ਕਿਰਪਾ ਸਦਕਾ ਸੰਗਤ ਠੀਕ-ਠਾਕ ਸੀ ਸਿਤਮ ਦੀ ਗੱਲ ਇਹ ਹੈ ਕਿ ਸੰਗਤ ਦੇ ਪੰਜਾਬ ਪੁੱਜਦਿਆਂ ਇਹੋ ਜਿਹੇ ਹਾਲਾਤ ਬਣ ਗਏ, ਜਿਨ੍ਹਾਂ ਨੇ ਸਰਕਾਰਾਂ ਦੇ ਪ੍ਰਬੰਧਾਂ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਦਿੱਤੇ। ਅਚਾਨਕ ਹੀ ਲਾਕਡਾਊਨ 'ਚ ਘਿਰੀ ਸੰਗਤ ਨੂੰ 30-40 ਦਿਨ ਉਥੇ ਗੁਜ਼ਾਰਨੇ ਪਏ। ਢੀਂਡਸਾ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਪੰਜਾਬ ਦੇ ਜਾਏ ਸਮੁੱਚੇ ਸ਼ਰਧਾਲੂਆਂ ਦੀ ਤਨੋ ਮਨੋਂ ਸੁਚੱਜੀ ਸੇਵਾ ਸੰਭਾਲ ਕੀਤੀ। ਉਨ੍ਹਾਂ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਫੈਲਾਈਆਂ ਜਾ ਰਹੀਆਂ ਝੁਠੀਆਂ ਅਫਵਾਹਾਂ ਤੋਂ ਸੁਚੇਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੀ ਘੜੀ ਨਾਂਦੇੜ ਸਾਹਿਬ ਤੋਂ ਪੁੱਜੇ ਸ਼ਰਧਾਲੂਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਤਾਂ ਕਿ ਉਹ ਜਲਦੀ ਤੋਂ ਜਲਦੀ ਆਪਣੇ ਘਰ ਪੁੱਜਣ। ਢੀਂਡਸਾ ਨੇ ਕਿਹਾ ਕਿ ਇਸ ਔਖੀ ਘੜੀ ਇਕ ਦੂਜੇ ਦਾ ਸਹਾਰਾ ਬਣੀਏ ਤੇ ਸਹਿਯੋਗ ਕਰੋ। ਉਨ੍ਹਾਂ ਕਿਹਾ ਕਿ ਇਹ ਵੇਲਾ ਸਿਆਸਤ ਕਰਨ ਦਾ ਨਹੀਂ ਹੈ ਸਗੋਂ ਸਾਂਝੀ ਮਹਿਮ ਸਿਰਜ ਕੇ ਕੋਰੋਨਾ ਦੀ ਭਿਆਨਕ ਮਹਾਂਮਾਰੀ ਨਾਲ ਨਜਿੱਠਣ ਦਾ ਹੈ ਤਾਂ ਕਿ ਨਾਂਦੇੜ ਤੋਂ ਪਰਤੀ ਸੰਗਤ ਇਕਾਂਤਵਾਸ ਤੋਂ ਖੁਸ਼ੀਆਂ ਲੈ ਕੇ ਆਪਣੇ ਘਰ ਪੁੱਜ ਸਕੇ।