ਹਾਈ ਕੋਰਟ ਨੇ ਪੰਜਾਬ ''ਚ ਤਲਾਬਾਂ ਨੇੜੇ ਮਾਈਨਿੰਗ ''ਤੇ ਲਾਈ ਰੋਕ

07/15/2020 9:23:04 PM

ਚੰਡੀਗੜ੍ਹ,(ਹਾਂਡਾ)-ਪੰਜਾਬ 'ਚ ਪਿੰਡਾਂ ਦੇ ਤਲਾਬਾਂ ਨੇੜੇ ਰੇਤ ਮਾਫੀਆ ਮਾਈਨਿੰਗ ਕਰ ਰਿਹਾ ਹੈ, ਜਿਸ ਨਾਲ ਤਲਾਬਾਂ ਦਾ ਵਜੂਦ ਖਤਮ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦਾਖਲ ਜਨਹਿਤ ਪਟੀਸ਼ਨ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਭਰ ਵਿਚ ਤਲਾਬਾਂ ਦੇ ਨੇੜੇ ਮਾਈਨਿੰਗ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਤਲਾਬਾਂ ਦੇ ਨੇੜੇ ਹੋਏ ਕਬਜ਼ੇ ਜਾਂ ਨਾਜਾਇਜ਼ ਨਿਰਮਾਣ ਨੂੰ 6 ਮਹੀਨਿਆਂ ਵਿਚ ਹਟਾਉਣ ਦਾ ਨਿਰਦੇਸ਼ ਦਿੱਤਾ ਹੈ।
ਐਡਵੋਕੇਟ ਰਾਹੁਲ ਭਾਰਗਵ ਨੇ ਹਾਈ ਕੋਰਟ ਵਿਚ ਦਰਜ ਪਟੀਸ਼ਨ ਵਿਚ ਦੱਸਿਆ ਕਿ ਫਿਲੌਰ ਦੇ ਪਿੰਡ ਕਾਂਗਅਰਿਆ ਵਿਚ ਤਲਾਬ ਦੇ ਨੇੜਿਓਂ ਨਾਜਾਇਜ਼ ਮਾਈਨਿੰਗ ਕਰ ਕੇ ਮਿੱਟੀ ਚੋਰੀ ਦਾ ਕੰਮ ਕੀਤਾ ਜਾ ਰਿਹਾ ਹੈ। ਹਾਈ ਕੋਰਟ ਨੇ ਨੋਟਿਸ ਲੈਂਦੇ ਹੋਏ ਕਿਹਾ ਕਿ ਇਹ ਸਿਰਫ਼ ਇਕ ਪਿੰਡ ਦਾ ਮਾਮਲਾ ਨਹੀਂ ਹੈ, ਸਗੋਂ ਪੂਰੇ ਪੰਜਾਬ ਦੇ ਤਲਾਬਾਂ ਨੇੜੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਸ਼ਿਕਾਇਤਾਂ ਦੇ ਬਾਵਜੂਦ ਸਰਕਾਰ ਜਾਂ ਪੁਲਸ ਕਾਰਵਾਈ ਨਹੀਂ ਕਰ ਰਹੀ।
ਹਾਈ ਕੋਰਟ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਾਰੇ ਜ਼ਿਲਿਆਂ ਦੇ ਡੀ. ਸੀਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਪਿੰਡ ਦੇ ਤਲਾਬ ਨੇੜੇ ਮਾਈਨਿੰਗ ਨਾ ਹੋਵੇ, ਤਲਾਬਾਂ ਵਿਚ ਸੀਵਰ ਦਾ ਪਾਣੀ ਨਾ ਪਾਇਆ ਜਾਵੇ। ਨਾਲ ਹੀ ਤਲਾਬਾਂ ਦੇ ਪਾਣੀ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ ਜਾਵੇ। 6 ਮਹੀਨਿਆਂ ਵਿਚ ਤਲਾਬਾਂ ਦੀ ਪੂਰੀ ਮੁਰੰਮਤ ਤੋਂ ਬਾਅਦ ਰਿਕਾਰਡ ਵੀ ਕੋਰਟ ਨੇ ਤਲਬ ਕੀਤਾ ਹੈ।


 


Deepak Kumar

Content Editor

Related News