ਹਾਈ ਕੋਰਟ ਪੁੱਜੇ ਠੇਕੇਦਾਰ, 4 ਕਰੋੜ ਦੇ ਟੈਂਡਰਾਂ ਦੀ ਸੋਮਵਾਰ ਨੂੰ ਹੋਵੇਗੀ ਸੁਣਵਾਈ

Sunday, Mar 15, 2020 - 01:38 PM (IST)

ਹਾਈ ਕੋਰਟ ਪੁੱਜੇ ਠੇਕੇਦਾਰ, 4 ਕਰੋੜ ਦੇ ਟੈਂਡਰਾਂ ਦੀ ਸੋਮਵਾਰ ਨੂੰ ਹੋਵੇਗੀ ਸੁਣਵਾਈ

ਜਲੰਧਰ (ਖੁਰਾਣਾ) - ਨਗਰ ਨਿਗਮ ਨੇ ਸ਼ਹਿਰ ਦੀਆਂ 65 ਹਜ਼ਾਰ ਤੋਂ ਵੱਧ ਸਟ੍ਰੀਟ ਲਾਈਟਾਂ ਦੀ ਮੇਨਟੀਨੈਂਸ ਲਈ 4 ਕਰੋੜ ਰੁਪਏ ਦੇ ਜੋ ਟੈਂਡਰ ਲਾਏ ਹਨ, ਉਨ੍ਹਾਂ ਨੂੰ ਲੈ ਕੇ ਇਕ ਨਹੀਂ ਸਗੋਂ 2 ਠੇਕੇਦਾਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚੇ ਹੋਏ ਹਨ। ਅਜੇ ਤੱਕ ਸਿਰਫ ਇਕ ਠੇਕੇਦਾਰ ਗੁਰਮ ਇਲੈਕਟ੍ਰੀਕਲ ਨੇ ਨਿਗਮ ਅਧਿਕਾਰੀਆਂ ਨੂੰ ਚਿਠੀ ਲਿਖ ਇਹ ਮਾਮਲਾ ਹਾਈ ਕੋਰਟ ਵਿਚ ਹੋਣ ਬਾਰੇ ਦੱਸਿਆ ਸੀ ਪਰ ਹੁਣ ਪਤਾ ਲੱਗਾ ਹੈ ਕਿ ਇਨ੍ਹਾਂ ਟੈਂਡਰਾਂ ਨੂੰ ਲੈ ਕੇ ਨਿਗਮ ਦੇ ਇਕ ਹੋਰ ਠੇਕੇਦਾਰ ਭਾਗਵਤ ਇੰਜੀਨੀਅਰਜ਼ ਐਂਡ ਕਾਂਟਰੈਕਟਰਸ ਨੇ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਹਾਈ ਕੋਰਟ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ ਗੁਰਮ ਇਲੈਕਟ੍ਰੀਕਲ ਨੇ ਆਪਣੀ ਪਟੀਸ਼ਨ (ਸੰਖਿਆ ਨੰਬਰ 6694/2020) ਪਿਛਲੇ ਸ਼ੁੱਕਰਵਾਰ ਹੀ ਦਾਇਰ ਕਰ ਦਿੱਤੀ ਸੀ, ਕਿਉਂਕਿ ਇਹ ਮਾਮਲਾ ਟੈਂਡਰਾਂ ਨਾਲ ਸਬੰਧਤ ਸੀ, ਇਸ ਲਈ ਇਸ ’ਤੇ ਸੁਣਵਾਈ ਚੀਫ ਜਸਟਿਸ ਦੀ ਬੈਂਚ ਵਲੋਂ ਕੀਤੀ ਜਾਣੀ ਸੀ। ਸੂਤਰ ਦੱਸਦੇ ਹਨ ਕਿ ਜਦੋਂ ਇਸ ਪਟੀਸ਼ਨ ’ਤੇ ਸੁਣਵਾਈ ਹੋਣੀ ਸੀ, ਉਸ ਦਿਨ ਹਾਈ ਕੋਰਟ ਦੇ ਚੀਫ ਜਸਟਿਸ ਛੁੱਟੀ ’ਤੇ ਸਨ। ਇਸ ਲਈ ਇਹ ਪਟੀਸ਼ਨ ਦਿੱਲੀ ਤੋਂ ਹੁਣੇ ਜਿਹੇ ਟਰਾਂਸਫਰ ਹੋ ਕੇ ਆਏ ਜਸਟਿਸ ਐੱਸ. ਮੁਰਲੀਧਰ ਅਤੇ ਜਸਟਿਸ ਅਵਨੀਸ਼ ਝਿੰਗਨ ਦੀ ਅਦਾਲਤ ਵਿਚ ਲੱਗੀ, ਜਿਨ੍ਹਾਂ ਨੇ ਇਸ ’ਤੇ ਸੁਣਵਾਈ ਕਰਨ ਦੀ ਬਜਾਏ ਇਸ ਨੂੰ ਵਾਪਸ ਚੀਫ ਜਸਟਿਸ ਦੇ ਬੈਂਚ ਨੂੰ ਹੀ ਭੇਜ ਦਿੱਤਾ।

ਹਾਈ ਕੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਟੈਂਡਰਾਂ ਦੇ ਮਾਮਲੇ ਵਿਚ ਠੇਕੇਦਾਰ ਭਾਗਵਤ ਇੰਜੀਨੀਅਰਜ਼ ਐਂਡ ਕਾਂਟਰੈਕਟਰਸ ਨੇ ਵੀ ਸੀ. ਡਬਲਯੂ. ਪੀ. 6702/2020 ਹਾਈ ਕੋਰਟ ਵਿਚ ਦਾਇਰ ਕੀਤੀ ਹੋਈ ਹੈ।ਇਹ ਪਟੀਸ਼ਨ ਗੁਰਮ ਇਲੈਕਟ੍ਰੀਕਲ ਦੀ ਪਟੀਸ਼ਨ ਤੋਂ ਬਾਅਦ ਵਾਲੀ ਲਿਸਟ ਵਿਚ ਆਈ। ਹੁਣ ਮੰਨਿਆ ਜਾ ਰਿਹਾ ਹੈ ਕਿ ਗੁਰਮ ਇਲੈਕਟ੍ਰੀਕਲ ਵਲੋਂ ਦਾਇਰ ਪਟੀਸ਼ਨ ’ਤੇ ਹਾਈ ਕੋਰਟ ਵਿਚ ਸੋਮਵਾਰ 16 ਮਾਰਚ ਨੂੰ ਸੁਣਵਾਈ ਹੋ ਸਕਦੀ ਹੈ। ਉਸੇ ਦਿਨ ਇਨ੍ਹਾਂ ਟੈਂਡਰਾਂ ਬਾਰੇ ਕੋਈ ਫੈਸਲਾ ਵੀ ਆ ਸਕਦਾ ਹੈ, ਕਿਉਂਕਿ ਭਾਗਵਤ ਇੰਜੀਨੀਅਰਜ਼ ਵਲੋਂ ਦਾਇਰ ਪਟੀਸ਼ਨ ਵੀ ਇਨ੍ਹਾਂ ਟੈਂਡਰਾਂ ਨੂੰ ਲੈ ਕੇ ਹੈ, ਇਸ ਲਈ ਗੁਰਮ ਇਲੈਕਟ੍ਰੀਕਲ ਦੀ ਪਟੀਸ਼ਨ ’ਤੇ ਜੋ ਵੀ ਫੈਸਲਾ ਆਵੇਗਾ, ਉਹ ਦੂਜੇ ਠੇਕੇਦਾਰ ’ਤੇ ਵੀ ਲਾਗੂ ਮੰਨਿਆ ਜਾਵੇਗਾ। ਇਸ ਲਿਹਾਜ਼ ਨਾਲ ਸੋਮਵਾਰ ਅਤੇ ਮੰਗਲਵਾਰ ਦਾ ਦਿਨ 4 ਕਰੋੜ ਦੇ ਸਟ੍ਰੀਟ ਲਾਈਟ ਮੇਨਟੀਨੈਂਸ ਟੈਂਡਰਾਂ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

 ਨਿਗਮ ਨੇ ਅਜੇ ਤੱਕ ਨਹੀਂ ਖੋਲ੍ਹੇ ਟੈਂਡਰ
ਨਗਰ ਨਿਗਮ ਪ੍ਰਸ਼ਾਸਨ ਨੇ ਸਟ੍ਰੀਟ ਲਾਈਟ ਮੇਨਟੀਨੈਂਸ ਦੇ 4 ਕਰੋੜ ਦੇ ਟੈਂਡਰ 5ਵੀਂ ਵਾਰ ਲਾ ਦਿੱਤੇ ਸਨ, ਜਿਨ੍ਹਾਂ ਨੂੰ ਸ਼ੁੱਕਰਵਾਰ 13 ਮਾਰਚ ਨੂੰ ਖੋਲ੍ਹਿਆ ਜਾਣਾ ਸੀ ਪਰ ਇਨ੍ਹਾਂ ਟੈਂਡਰਾਂ ਦੀ ਫਾਈਨਾਂਸ਼ੀਅਲ ਬਿਡ ਉਸ ਦਿਨ ਨਹੀਂ ਖੋਲ੍ਹੀ ਗਈ। ਜਦੋਂ ਇਸ ਬਾਰੇ ਐੱਸ. ਈ. ਸਟ੍ਰੀਟ ਲਾਈਟ ਸਤਿੰਦਰ ਮਹਾਜਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਸ ਦਿਨ ਟੈਂਡਰਾਂ ਵਾਲੀ ਸਬੰਧਤ ਸਾਈਟ ਮੇਨਟੀਨੈਂਸ ਲਈ ਬੰਦ ਪਈ ਸੀ, ਇਸ ਲਈ ਟੈਂਡਰ ਨਹੀਂ ਖੋਲ੍ਹੇ ਜਾ ਸਕੇ। ਇਸ ਹਿਸਾਬ ਨਾਲ ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਹਾਈ ਕੋਰਟ ਦਾ ਜੋ ਵੀ ਫੈਸਲਾ ਇਨ੍ਹਾਂ ਟੈਂਡਰਾਂ ਬਾਰੇ ਆਵੇਗਾ, ਉਹ ਨਿਗਮ ਪ੍ਰਸ਼ਾਸਨ ਲਈ ਮੰਨਣਯੋਗ ਹੋਵੇਗਾ।

6 ਜ਼ੋਨਾਂ ਲਈ ਪੁਰਾਣੇ ਠੇੇਕੇਦਾਰਾਂ ਨੇ ਭਰੇ ਹਨ ਟੈਂਡਰ
ਸਟ੍ਰੀਟ ਲਾਈਟ ਮੇਨਟੀਨੈਂਸ ਦੇ ਟੈਂਡਰਾਂ ਬਾਰੇ ਹਾਈ ਕੋਰਟ ਦਾ ਫੈਸਲਾ ਭਾਵੇਂ ਜੋ ਵੀ ਆਵੇ ਪਰ ਪਤਾ ਲੱਗਾ ਹੈ ਕਿ ਨਿਗਮ ਪ੍ਰਸ਼ਾਸਨ ਨੇ 5ਵੀਂ ਵਾਰ ਜੋ ਟੈਂਡਰ ਲਾਏ ਹਨ, ਉਨ੍ਹਾਂ ਦੇ ਤਹਿਤ ਸਾਰੇ 6 ਜ਼ੋਨਾਂ ਲਈ ਪੁਰਾਣੇ ਠੇਕੇਦਾਰਾਂ ਨੇ ਹੀ ਟੈਂਡਰ ਭਰੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਟੈਂਡਰਾਂ ਵਿਚ ਚੰਗਾ ਡਿਸਕਾਊਂਟ ਨਿਗਮ ਨੂੰ ਆਫਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਟੈਂਡਰਾਂ ਵਿਚ ਗੁਰਮ ਇਲੈਕਟ੍ਰੀਕਲ ਨੇ ਨਿਗਮ ਨੂੰ ਜਿਥੇ 48.90 ਫੀਸਦੀ ਲੈੱਸ ਆਫਰ ਕੀਤੀ ਸੀ, ਉਥੇ ਭਾਗਵਤ ਇੰਜੀਨੀਅਰਜ਼ ਅਤੇ ਹੋਰ ਠੇਕੇਦਾਰ ਅਜੇ ਗੁਪਤਾ ਨੇ ਨਿਗਮ ਨੂੰ 24.99 ਫੀਸਦੀ ਡਿਸਕਾਊਂਟ ਆਫਰ ਕੀਤਾ ਸੀ। ਸਟਾਰ ਰੇਟ ਫਾਰਮੂਲਾ ਲਾਗੂ ਹੋਣ ਦੇ ਬਾਵਜੂਦ ਇਹ ਟੈਂਡਰ ਸਭ ਤੋਂ ਵੱਧ ਡਿਸਕਾਊਂਟ ਭਾਵ 48.90 ਫੀਸਦੀ ਲੈੱਸ ’ਤੇ ਸਿਰੇ ਨਹੀਂ ਚੜ੍ਹੇ, ਜਿਸ ਕਾਰਣ ਗੁਰਮ ਇਲੈਕਟ੍ਰੀਕਲ ਇਹ ਮਾਮਲਾ ਹਾਈ ਕੋਰਟ ਵਿਚ ਲੈ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਐੱਫ. ਐਂਡ ਸੀ. ਸੀ. ਸਾਰੇ ਟੈਂਡਰ 48.90 ਫੀਸਦੀ ਲੈੱਸ ’ਤੇ ਸਾਰੇ ਠੇਕੇਦਾਰਾਂ ਨੂੰ ਅਲਾਟ ਕਰ ਦਿੰਦੀ ਹੈ ਤਾਂ ਨਗਰ ਨਿਗਮ ਨੂੰ ਸਿੱਧੀ 2 ਕਰੋੜ ਰੁਪਏ ਦੀ ਬੱਚਤ ਹੁੰਦੀ ਹੈ। ਹੁਣ ਵੇਖਣਾ ਹੈ ਕਿ ਮਾਣਯੋਗ ਹਾਈ ਕੋਰਟ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਕਮੇਟੀ ਦੇ ਫੈਸਲੇ ਨੂੰ ਕਿਸ ਤਰ੍ਹਾਂ ਲੈਂਦੀ ਹੈ।


author

rajwinder kaur

Content Editor

Related News