ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਕਾਂਗਰਸ ’ਚ ਅਨੁਸ਼ਾਸਨ ਨੂੰ ਸਖਤੀ ਨਾਲ ਲਾਗੂ ਕਰੇਗਾ ਹਾਈਕਮਾਨ
Saturday, Sep 04, 2021 - 12:46 PM (IST)
ਜਲੰਧਰ (ਧਵਨ) : ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ’ਚ ਹੁਣ 4-5 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। ਇਸ ਨੂੰ ਵੇਖਦਿਆਂ ਕਾਂਗਰਸ ਹਾਈਕਮਾਨ ਹੁਣ ਪੰਜਾਬ ’ਚ ਕਾਂਗਰਸ ਅੰਦਰ ਅਨੁਸ਼ਾਸਨ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੁੰਦਾ ਹੈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਦੇ ਪੰਜਾਬ ਦੌਰੇ ਪਿੱਛੋਂ ਉਨ੍ਹਾਂ ਵੱਲੋਂ ਅਗਲੇ ਹਫਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਪੰਜਾਬ ਦੇ ਮਾਮਲਿਆਂ ’ਤੇ ਗੱਲਬਾਤ ਕੀਤੀ ਜਾਏਗੀ। ਕਾਂਗਰਸੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਲੀਡਰਸ਼ਿਪ ਦੀ ਕੋਸ਼ਿਸ਼ ਹੈ ਕਿ ਹੁਣ ਕਾਂਗਰਸ ਵਿਚ ਛੋਟੇ ਤੋਂ ਲੈ ਕੇ ਵੱਡੇ ਨੇਤਾ ’ਤੇ ਅਨੁਸ਼ਾਸਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਏ। ਰਾਵਤ ਵੱਲੋਂ ਪੰਜਾਬ ਦੇ ਦੌਰੇ ਨੂੰ ਲੈ ਕੇ ਜੋ ਫੀਡਬੈਕ ਲਈ ਗਈ ਹੈ, ਨੂੰ ਉਹ ਗਾਂਧੀ ਪਰਿਵਾਰ ਨੂੰ ਦੇਣਗੇ। ਗਾਂਧੀ ਪਰਿਵਾਰ ਨੇ ਵੀ ਪੰਜਾਬ ’ਚ ਕਾਂਗਰਸ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਹੈ। ਉਸ ਦਾ ਕਹਿਣਾ ਹੈ ਕਿ ਹੁਣ ਆਪਸੀ ਟਕਰਾਅ ਦੀ ਸਿਆਸਤ ਨੂੰ ਛੱਡ ਦੇਣਾ ਚਾਹੀਦਾ ਹੈ। ਪਾਰਟੀ ਨੂੰ ਹੁਣ ਚੋਣ ਮੋਡ ’ਚ ਆ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕਮਜ਼ੋਰ ਖੇਤਰਾਂ ਤੋਂ ਪਾਰਟੀ ਨੂੰ ਆਪਣੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਟਿਫਿਨ ਬੰਬ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗੁਰਮੁੱਖ ਸਿੰਘ ਰੋਡੇ ਦੇ ਹੱਕ ’ਚ ਆਇਆ ਕਿਸਾਨ ਮੋਰਚਾ
ਕਾਂਗਰਸ ਹਾਈਕਮਾਨ ਦੀ ਗੰਭੀਰਤਾ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਉਸ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ਼ਾਰਾ ਦੇ ਦਿੱਤਾ ਹੈ ਕਿ ਉਹ ਵਾਰ-ਵਾਰ ਸਰਕਾਰ ਵਿਰੁੱਧ ਆਪਣਾ ਸਟੈਂਡ ਛੱਡਣ। ਹਾਈਕਮਾਨ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਹਰ ਕਾਂਗਰਸੀ ਨੂੰ ਵਾਰ-ਵਾਰ ਦਿੱਲੀ ਵੱਲ ਆਪਣਾ ਰੁਖ ਨਹੀਂ ਕਰਨਾ ਚਾਹੀਦਾ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਵਿਖਾਈ ਦਿੰਦੀ ਹੈ ਕਿ ਅਗਲੇ 1-2 ਮਹੀਨਿਆਂ ਦੌਰਾਨ ਸੂਬੇ ’ਚ ਕਾਂਗਰਸ ਦੇ ਹਾਲਾਤ ਆਮ ਦਿਸ਼ਾ ਵੱਲ ਵਧਣੇ ਸ਼ੁਰੂ ਹੋ ਜਾਣਗੇ ਅਤੇ ਉਸ ਦੇ ਉਸਾਰੂ ਨਤੀਜੇ ਸਾਹਮਣੇ ਆਉਣਗੇ ਕਿਉਂਕਿ ਕਾਂਗਰਸ ਲੀਡਰਸ਼ਿਪ ਹੁਣ ਵੀ ਇਹ ਮੰਨ ਕੇ ਚੱਲ ਰਹੀ ਹੈ ਕਿ ਕਾਂਗਰਸ ਸੂਬੇ ’ਚ ਮੁੜ ਤੋਂ ਆਪਣੀ ਸਰਕਾਰ ਬਣਾ ਸਕਦੀ ਹੈ, ਇਸ ਲਈ ਜ਼ਰੂਰੀ ਇਹ ਹੈ ਕਿ ਕਾਂਗਰਸੀ ਆਪਣੀ ਲੜਾਈ ਨੂੰ ਛੱਡਣ ਅਤੇ ਅਨੁਸ਼ਾਸਨ ’ਚ ਰਹਿੰਦੇ ਹੋਏ ਅੱਗੇ ਵਧਣ।
ਇਹ ਵੀ ਪੜ੍ਹੋ : ‘ਭੇਦਭਾਵ ਦਾ ਵਿਰੋਧ ਕਰਨ ’ਤੇ ਹਿੰਦੂ ਦੁਕਾਨਦਾਰ ਦੀ ਕੁੱਟਮਾਰ ਕਰ ਕੇ ਹਵਾਲਾਤ ’ਚ ਕੀਤਾ ਬੰਦ’
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ