ਕਿੱਧਰ ਨੂੰ ਤੁਰ ਪਿਆ ਸਮਾਜ! ਤਲਵੰਡੀ ਸਾਬੋ ਵਿਖੇ ਸਰਕਾਰੀ ਅਧਿਆਪਕ ਹੈਰੋਇਨ ਸਮੇਤ ਗ੍ਰਿਫ਼ਤਾਰ

Thursday, Oct 06, 2022 - 12:49 PM (IST)

ਕਿੱਧਰ ਨੂੰ ਤੁਰ ਪਿਆ ਸਮਾਜ! ਤਲਵੰਡੀ ਸਾਬੋ ਵਿਖੇ ਸਰਕਾਰੀ ਅਧਿਆਪਕ ਹੈਰੋਇਨ ਸਮੇਤ ਗ੍ਰਿਫ਼ਤਾਰ

ਤਲਵੰਡੀ ਸਾਬੋ (ਮੁਨੀਸ਼) : ਜ਼ਿਲ੍ਹਾ ਪੁਲਸ ਮੁਖੀ ਦੀਆਂ ਨਸ਼ਾ ਸਮੱਗਲਰਾਂ ’ਤੇ ਸਖ਼ਤੀ ਕਰਨ ਵਾਲੀਆਂ ਹਦਾਇਤਾਂ ’ਤੇ ਸੀਂਗੋ ਮੰਡੀ ਪੁਲਸ ਨੇ ਇਕ ਸਰਕਾਰੀ ਸਕੂਲ ਦੇ ਸਪੋਰਟਸ ਅਧਿਆਪਕ ਅਤੇ ਉਸ ਦੇ ਇਕ ਸਾਥੀ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਾਲੇ ਅਧਿਆਪਕ ਤੋਂ ਹੈਰੋਇਨ ਬਰਾਮਦ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਪੀ. ਏ. ਯੂ. ਦੇ ਲੈਬ ਅਟੈਂਡੈਂਟ ਦਾ ਸ਼ਲਾਘਾਯੋਗ ਕਦਮ, ਭੀਖ ਮੰਗਣ ਵਾਲੇ ਬੱਚਿਆਂ ਲਈ ਕਰ ਰਹੇ ਵੱਡਾ ਉਪਰਾਲਾ

ਡੀ. ਐੱਸ. ਪੀ. ਬੂਟਾ ਸਿੰਘ ਨੇ ਦੱਸਿਆ ਕਿ ਸੀਂਗੋ ਚੌਕੀ ਇੰਚਾਰਜ ਜਗਸੀਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਪਿੰਡ ਸੀਂਗੋ ਵਿਖੇ ਨਾਕਾਬੰਦੀ ਦੌਰਾਨ 3 ਗ੍ਰਾਮ ਹੈਰੋਇਨ ਸਮੇਤ ਦੋ ਲੋਕਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਗੁਲਾਬ ਸਿੰਘ ਵਾਸੀ ਸੀਂਗੋ ਵਜੋਂ ਹੋਈ। ਉਨ੍ਹਾਂ ਦੱਸਿਆਂ ਕਿ ਫੜੇ ਗਏ ਦੋਵੇਂ ਕਥਿਤ ਦੋਸ਼ੀਆਂ ਵਿਚ ਇਕ ਕਥਿਤ ਦੋਸ਼ੀ ਤਲਵੰਡੀ ਸਾਬੋ ਦੇ ਹਰਿਆਣਾ ਨਾਲ ਲੱਗਦੇ ਪਿੰਡ ਨਥੇਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਪੋਰਟਸ ਅਧਿਆਪਕ ਦੀ ਨੌਕਰੀ ਕਰਦਾ ਹੈ। ਪੁਲਸ ਨੇ ਇਨ੍ਹਾਂ ਨੂੰ ਉਦੋਂ ਕਾਬੂ ਕੀਤਾ ਜਦੋਂ ਇਹ ਦੋਵੇਂ ਬੁਲਟ ਮੋਟਰਸਾਈਕਲ ’ਤੇ ਹਰਿਆਣਾ ਵੱਲੋਂ ਆ ਰਹੇ ਸਨ। ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਪਾਰਟੀ ਨੇ ਦੋਵਾਂ ਨੂੰ ਮੌਕੇ 'ਤੇ ਕਾਬੂ ਕਰ ਕੇ ਹੈਰੋਇਨ ਅਤੇ ਬੁਲਟ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਦੱਸਿਆ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News