1 ਕਰੋੜ ਦੀ ਹੈਰੋਇਨ ਸਮੇਤ ਕਾਰ ਸਵਾਰ ਗ੍ਰਿਫਤਾਰ

Thursday, Jan 16, 2020 - 06:52 PM (IST)

ਸੁਲਤਾਨਪੁਰ ਲੋਧੀ (ਧੀਰ) : ਥਾਣਾ ਸੁਲਤਾਨਪੁਰ ਪੁਲਸ ਨੇ ਇਕ ਨਸ਼ਾ ਸਮੱਗਲਰ ਨੂੰ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ।  ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਗੁਰਦੀਪ ਸਿੰਘ ਚੌਕੀ ਇੰਚਾਰਜ ਮੋਠਾਂਵਾਲ, ਏ. ਐੱਸ. ਆਈ ਸੰਤੋਖ ਸਿੰਘ, ਐੱਚ. ਸੀ. ਬਗੀਚਾ ਸਿੰਘ, ਪੀ. ਐੱਚ. ਜੀ. ਜਗਤਾਰ ਸਿੰਘ ਆਦਿ ਪੁਲਸ ਪਾਰਟੀ ਨਾਲ ਦੌਰਾਨੇ ਗਸ਼ਤ ਪਿੰਡ ਲਾਟੀਆਂਵਾਲ, ਅਹਿਮਦਪੁਰ ਛੰਨਾ ਤੋਤੀ ਆਦਿ ਨੂੰ ਜਾ ਰਹੇ ਸਨ ਤਾਂ ਜਦੋਂ ਪੁਲਸ ਪਾਰਟੀ ਟੀ ਪੁਆਇੰਟ ਮੋਠਾਂਵਾਲ ਤੋਂ ਪਿੰਡ ਸੈਂਚ ਤੋਂ ਥੋੜ੍ਹਾ ਪਿੱਛੇ ਪੱਕੀ ਸੜਕ 'ਤੇ ਵਹੀਕਲਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਪਿੰਡ ਲਾਟੀਆਂਵਾਲ ਵਲੋਂ ਸਫੈਦ ਰੰਗ ਦੀ ਕਾਰ ਜਿਸ ਨੂੰ ਇਕ ਨੌਜਵਾਨ ਚਲਾ ਰਿਹਾ ਸੀ, ਨੂੰ ਰੁਕਣ ਦਾ ਇਸ਼ਾਰਾ ਦਿੱਤਾ। ਜੋ ਪੁਲਸ ਪਾਰਟੀ ਨੂੰ ਵੇਖ ਘਬਰਾ ਕੇ ਕਾਰ ਨੂੰ ਰੋਕ ਕੇ ਪੈਦਲ ਪਿੰਡ ਸੈਚਾਂ ਨੂੰ ਮੁੜਨ ਲੱਗਾ ਤੇ ਉਸਨੇ ਆਪਣੀ ਜੇਬ 'ਚੋਂ ਇਕ ਮੋਮੀ ਲਿਫਾਫੇ ਨੂੰ ਬਾਹਰ ਸੁੱਟ ਦਿੱਤਾ। ਪੁਲਸ ਪਾਰਟੀ ਵਲੋਂ ਦੌੜ ਕੇ ਫੜਨ 'ਤੇ ਨਾਂ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂ ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਬੂਟਾ ਥਾਣਾ ਕੋਤਵਾਲੀ ਕਪੂਰਥਲਾ ਦੱਸਿਆ ਜਿਸ ਵਲੋਂ ਸੁੱਟੇ ਹੋਏ ਲਿਫਾਫੇ 'ਚੋਂ 180 ਗ੍ਰਾਮ ਹੈਰੋਇਨ ਬਰਾਮਦ ਹੋਈ।

ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਪਹਿਲਾਂ ਵੀ ਹੈਰੋਇਨ ਦੇ 2 ਮਾਮਲੇ ਦਰਜ ਹਨ ਤੇ ਇਹ ਆਮ ਤੌਰ 'ਤੇ ਲਾਟੀਆਂਵਾਲ ਜਾ ਕੇ ਨਸ਼ਾ ਵੇਚਣ ਦਾ ਕਾਰਜ ਕਰਦਾ ਹੈ, ਜਿਸ ਦੀ ਪੁਲਸ ਵੀ ਸਰਗਰਮੀ ਨਾਲ ਭਾਲ ਕਰ ਰਹੀ ਸੀ। ਉਕਤ ਮੁਲਜ਼ਮ ਪਾਸੋਂ ਫੜੀ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ 1 ਕਰੋੜ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਵੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਆਉਣ ਵਾਲੇ ਦਿਨਾਂ 'ਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਏ. ਐੱਸ. ਆਈ. ਗੁਰਦੀਪ ਸਿੰਘ, ਸ਼ਾਮ ਲਾਲ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।


Gurminder Singh

Content Editor

Related News