ਕਰੀਬ ਡੇਢ ਕਰੋੜ ਦੀ ਹੈਰੋਇਨ ਸਣੇ 2 ਗ੍ਰਿਫਤਾਰ

02/16/2018 2:50:53 PM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਅਟਾਰੀ ਦੇ ਇਲਾਕੇ ਵਿਚ ਥਾਣਾ ਆਰਿਫ ਕੇ ਦੀ ਪੁਲਸ ਨੇ ਐੱਸ.ਐੱਚ.ਓ. ਮੋਹਿਤ ਧਵਨ ਤੇ ਏ.ਐਸ.ਆਈ. ਮਹਿਲ ਸਿੰਘ ਦੀ ਅਗਵਾਈ ਹੇਠ 2 ਵਿਅਕਤੀਆਂ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਚ ਐੱਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਮੋਹਿਤ ਧਵਨ ਨੇ ਦੱਸਿਆ ਕਿ ਐੱਸ.ਐੱਸ.ਪੀ. ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਆਰਿਫ ਕੇ ਦੀ ਪੁਲਸ ਨੇ ਏ.ਐੱਸ.ਆਈ. ਮਹਿਲ ਸਿੰਘ ਦੀ ਅਗਵਾਈ ਹੇਠ ਬੀਤੀ ਸ਼ਾਮ ਪਿੰਡ ਅਟਾਰੀ ਦੇ ਏਰੀਆ ਵਿਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਆਉਂਦੀ ਇਕ ਸਵਿਫਟ ਡੀਜ਼ਾਇਰ ਕਾਰ ਨੂੰ ਰੋਕ ਕੇ ਉਸ ਵਿਚ ਸਵਾਰ 2 ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਕਰਨ 'ਤੇ ਫੜੇ ਗਏ ਵਿਅਕਤੀਆਂ ਨੇ ਪੁਲਸ ਨੂੰ ਆਪਣੇ ਨਾਮ ਸੁਰਿੰਦਰ ਸਿੰਘ ਪੁੱਤਰ ਸੂਬ ਸਿੰਘ ਵਾਸੀ ਕਮਾਲਪੁਰ ਜ਼ਿਲਾ ਜਲੰਧਰ ਅਤੇ ਜੋਗਾ ਸਿੰਘ ਦੱਸੇ। ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਤੋਂ 250 ਗ੍ਰਾਮ ਅਤੇ ਜੋਗਾ ਸਿੰਘ ਤੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੋਹਿਤ ਧਵਨ ਨੇ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਡੇਢ ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News