ਹੈਰੋਇਨ ਸਮੇਤ ਮੁਅੱਤਲ ਹੈੱਡ ਕਾਂਸਟੇਬਲ ਤੇ ਉਸ ਦਾ ਸਾਥੀ ਗ੍ਰਿਫਤਾਰ

Thursday, Dec 31, 2020 - 01:12 AM (IST)

ਹੈਰੋਇਨ ਸਮੇਤ ਮੁਅੱਤਲ ਹੈੱਡ ਕਾਂਸਟੇਬਲ ਤੇ ਉਸ ਦਾ ਸਾਥੀ ਗ੍ਰਿਫਤਾਰ

ਜਲੰਧਰ,(ਵਰੁਣ)–ਥਾਣਾ ਨੰਬਰ 8 ਦੀ ਪੁਲਸ ਨੇ ਹੈਰੋਇਨ ਸਪਲਾਈ ਕਰਦੇ ਹੋਏ ਪੰਜਾਬ ਪੁਲਸ ਦੇ ਡਿਸਮਿਸ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਅਤੇ ਉਸਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਡ ਕਾਂਸਟੇਬਲ 2018 ਵਿਚ ਵੀ ਸ਼ਰਾਬ ਦੀ ਸਪਲਾਈ ਕਰਦੇ ਸਮੇਂ ਫੜਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪੁਲਸ ਦੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ। 4 ਮੁਲਜ਼ਮਾਂ ਵਿਚੋਂ 3 ਸ਼ਰਾਬ ਤੇ ਹੈਰੋਇਨ ਦੇ ਪੇਸ਼ੇਵਰ ਸਮੱਗਲਰ ਹਨ, ਜਦਕਿ ਇਕ ਮੁਲਜ਼ਮ 2013 ਵਿਚ ਹੱਤਿਆ ਦੇ ਇਕ ਕੇਸ ਵਿਚ ਵੀ ਨਾਮਜ਼ਦ ਹੋ ਚੁੱਕਾ ਹੈ। ਥਾਣਾ ਨੰਬਰ 8 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਨਾਰਾਇਣ ਨੇ ਰੇਰੂ ਪਿੰਡ ਦੇ ਗੇਟ ਦੇ ਬਾਹਰ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਸ਼ੱਕੀ ਹਾਲਤ ਵਿਚ ਪੈਦਲ ਆ ਰਹੇ 2 ਨੌਜਵਾਨਾਂ ਨੂੰ ਰੋਕ ਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਤੋਂ ਹੈਰੋਇਨ ਬਰਾਮਦ ਹੋਈ। ਮੌਕੇ ’ਤੇ ਸਬ-ਇੰਸਪੈਕਟਰ ਨਿਰਮਲ ਸਿੰਘ ਨੂੰ ਬੁਲਾਇਆ ਗਿਆ। ਦੋਵਾਂ ਤੋਂ ਹੋਈ ਪੁੱਛਗਿੱਛ ਵਿਚ ਮੁਲਜ਼ਮਾਂ ਨੇ ਆਪਣਾ ਨਾਂ ਗੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਰਾਭਾ ਨਗਰ ਤੇ ਕਰਮਜੀਤ ਸਿੰਘ ਉਰਫ ਲਾਡੀ ਪੁੱਤਰ ਮਹਿੰਦਰ ਸਿੰਘ ਵਾਸੀ ਸੁਭਾਨਪੁਰ ਕਪੂਰਥਲਾ ਦੱਸਿਆ। ਤਲਾਸ਼ੀ ਲੈਣ ’ਤੇ ਗੁਰਜੀਤ ਸਿੰਘ ਕੋਲੋਂ 10 ਗ੍ਰਾਮ ਅਤੇ ਕਰਮਜੀਤ ਕੋਲੋਂ 8 ਗ੍ਰਾਮ ਹੈਰੋਇਨ ਦੀ ਪੁਸ਼ਟੀ ਹੋਈ।

ਮੁਲਜ਼ਮਾਂ ਨੇ ਕਬੂਲਿਆ ਕਿ ਉਹ ਉਕਤ ਪੰਜਾਬ ਪੁਲਸ ਦੇ ਡਿਸਮਿਸ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਅਤੇ ਰਾਜੂ ਤੋਂ ਹੈਰੋਇਨ ਲੈ ਕੇ ਆਏ ਹਾਂ। ਮੁਲਜ਼ਮ ਰਾਕੇਸ਼ ਲਈ ਕੰਮ ਕਰਦੇ ਹਾਂ, ਜੋ ਹੈਰੋਇਨ ਦੀ ਸਪਲਾਈ ਦੇਣ ’ਤੇ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਗੇੜਾ ਦਿੰਦੇ ਹਨ। ਪੁਲਸ ਨੇ ਤੁਰੰਤ ਡਿਸਮਿਸ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਚਿੰਤ ਨਗਰ ਅਤੇ ਉਸ ਦੇ ਰਿਸ਼ਤੇਦਾਰ ਰਾਜ ਕੁਮਾਰ ਰਾਜੂ ਪੁੱਤਰ ਅਮਰਨਾਥ ਵਾਸੀ ਧੀਰ ਕਾਲੋਨੀ ਨੂੰ ਫੜਨ ਲਈ ਇਕ ਟਰੈਪ ਲਗਾ ਕੇ ਗੁੱਜ਼ਾਂ ਪੀਰ ਰੋਡ ’ਤ ਨਾਕਾਬੰਦੀ ਕਰ ਲਈ। ਜਿਵੇਂ ਹੀ ਰਾਕੇਸ਼ ਅਤੇ ਰਾਜੂ ਆਪਣੀ ਗੱਡੀ ਵਿਚ ਆਏ ਤਾਂ ਪੁਲਸ ਨੇ ਉਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ। ਪੁਲਸ ਨੂੰ ਰਾਕੇਸ਼ ਤੋਂ 10 ਗ੍ਰਾਮ ਅਤੇ ਰਾਜੂ ਤੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ।

ਥਾਣਾ ਨੰਬਰ 8 ਦੇ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰ ਪਹਿਲਾਂ ਥਾਣਾ ਨੰਬਰ 8 ਵਿਚ ਵੀ ਤਾਇਨਾਤ ਰਹਿ ਚੁੱਕਾ ਹੈ, ਜਦਕਿ 26 ਜੂਨ 2018 ਨੂੰ ਉਹ ਆਪਣੇ ਸਾਥੀ ਸਮੇਤ ਸ਼ਰਾਬ ਦੀ ਖੇਪ ਨਾਲ ਫੜਿਆ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਪੁਲਸ ਨੇ ਉਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਸੀ। ਮੁਲਜ਼ਮ ਗੁਰਜੀਤ ਸਿੰਘ ਖਿਲਾਫ਼ ਵੀ ਨਸ਼ਾ ਤੇ ਸ਼ਰਾਬ ਸਮੱਗਲਿੰਗ ਦੇ 4 ਕੇਸ ਦਰਜ ਹਨ, ਜਦਕਿ ਕਰਮਜੀਤ ਸਿੰਘ ਨੇ 2013 ਵਿਚ ਬਠਿੰਡਾ ਵਿਚ ਹੱਤਿਆ ਕੀਤੀ ਸੀ ਅਤੇ ਥਾਣਾ ਕੋਤਵਾਲੀ ਵਿਚ ਉਸਦੇ ਖ਼ਿਲਾਫ਼ ਕੇਸ ਦਰਜ ਹੋਇਆ ਸੀ। ਇਸ ਮੁਲਜ਼ਮ ਖ਼ਿਲਾਫ਼ ਥਾਣਾ ਭਾਰਗੋਂ ਕੈਂਪ ਵਿਚ ਕੇਸ ਦਰਜ ਹੋਇਆ ਸੀ। ਐੱਸ. ਐੱਚ. ਓ. ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਲਈ 4 ਦਿਨਾਂ ਦਾ ਅਦਾਲਤ ਤੋਂ ਰਿਮਾਂਡ ਲਿਆ ਗਿਆ ਹੈ। ਪੁੱਛਗਿੱਛ ਵਿਚ ਇਹ ਵੀ ਪਤਾ ਲੱਗੇਗਾ ਕਿ ਮੁਲਜ਼ਮ ਰਾਕੇਸ਼ ਕੁਮਾਰ ਕਿਥੋਂ ਹੈਰੋਇਨ ਖਰੀਦਦਾ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਰੈਕੇਟ ਦੀ ਪੂਰੀ ਚੇਨ ਜਲਦ ਬ੍ਰੇਕ ਕੀਤੀ ਜਾਵੇਗੀ।


 


author

Deepak Kumar

Content Editor

Related News