ਰਿਮਟ ਯੂਨੀਵਰਸਿਟੀ ''ਚ ਵਿਦਿਆਰਥੀਆਂ ਦਾ ਭੜਕਾਹਟ ਦਾ ਡਰ ਪੰਜ ਜ਼ਿਲਿਆਂ ਦੀ ਪੁਲਸ ਤਾਇਨਾਤ
Friday, Nov 29, 2019 - 02:01 PM (IST)

ਫਤਿਹਗੜ੍ਹ ਸਾਹਿਬ —ਰਿਮਟ ਯੂਨੀਵਰਸਿਟੀ 'ਚ ਸਿਵਿਲ ਇੰਜੀਨੀਅਰ ਡਿਪਲੋਮਾ ਪਹਿਲਾ ਸਾਲ ਹੇਮੰਤ ਮੰਡਲ ਦੀ ਮੌਤ ਦੇ ਬਾਅਦ ਵਿਦਿਆਰਥੀ ਕਦੀ ਵੀ ਭੜਕ ਸਕਦੇ ਹਨ। ਵਿਦਿਆਰਥੀ ਦੀ ਮੌਤ ਦੇ ਬਾਅਦ ਯੂਨੀਵਰਸਿਟੀ ਦੇ ਮੈਨੇਜਰ ਖਿਲਾਫ ਸਮੂਹ ਵਿਦਿਆਰਥੀਆਂ 'ਚ ਰੋਸ ਦੀ ਲਹਿਰ ਹੈ।
800 ਵਿਦਿਆਰਥੀਆਂ ਨੇ ਵੀਰਵਾਰ ਦੀ ਦੇਰ ਸ਼ਾਮ ਨੂੰ ਯੂਨੀਵਰਸਿਟੀ 'ਚ ਕੈਂਡਲ ਮਾਰਚ ਕੱਢ ਜਿੱਥੇ ਹੇਮੰਤ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ, ਉੱਥੇ ਇਨਸਾਫ ਦੀ ਮੰਗ ਵੀ ਕੀਤੀ। ਕੈਂਡਲ ਮਾਰਚ 'ਚ ਵਿਦਿਆਰਥੀਆਂ ਨੇ ਮੈਨਜਮੈਂਟ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਤਣਾਅ ਨੂੰ ਦੇਖਦੇ ਹੋਏ ਲੁਧਿਆਣਾ ਰੇਂਜ ਅਧੀਨ ਆਉਂਦੇ ਪੰਜ ਜ਼ਿਲੇ ਫਤਿਹਗੜ੍ਹ ਸਾਹਿਬ, ਮੋਹਾਲੀ, ਖੰਨਾ, ਰੂਪਨਗਰ ਅਤੇ ਨਵਾਂ ਸ਼ਹਿਰ ਤੋਂ ਬੁਲਾਈ ਪੁਲਸ ਫੋਰਸ ਨੂੰ ਯੂਨੀਵਰਸਿਟੀ 'ਚ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਹੇਮੰਤ ਦੀ ਮੌਤ ਇਕੱਲੇ ਵਾਰਡ ਦੀ ਲਾਪਰਵਾਹੀ ਨਾਲ ਨਹੀਂ ਸਗੋਂ ਸਮੂਹ ਮੈਨੇਜਮੈਂਟ ਦੀ ਲਾਪਰਵਾਹੀ ਕਾਰਨ ਹੋਈ ਹੈ।
ਕਈ ਵਾਰ ਵਾਰਡਨ ਦੇ ਖਿਲਾਫ ਹੋ ਚੁੱਕੀਆਂ ਹਨ ਸ਼ਿਕਾਇਤਾਂ, ਸੁੱਤਾ ਰਿਹਾ ਯੂਨੀਵਰਸਿਟੀ ਪ੍ਰਸ਼ਾਸਨ
ਵਾਰਡਨ ਦੇ ਰਵੱਈਏ ਤੋਂ ਤੰਗ ਵਿਦਿਆਰਥੀਆਂ ਨਾਲ ਇਹ ਪਹਿਲਾ ਮਾਮਲਾ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਵਾਰਡਨ ਮੋਹਨ ਸਿੰਘ ਦੇ ਰਵੱਈਏ ਤੋਂ ਵਿਦਿਆਰਥੀ ਪਰੇਸ਼ਾਨ ਸਨ। ਕਈ ਵਾਰ ਵਾਰਡਨ ਦੇ ਖਿਲਾਫ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਮੈਨੇਜਮੈਂਟ ਨੇ ਵਾਰਡਨ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਵਿਦਿਆਰਥੀਆਂ ਨੇ ਦੱਸਿਆ ਕਿ ਵਾਰਡਨ ਹੋਸਟਲ ਦੇ ਇਕ ਬਲਾਕ ਤੋਂ ਦੂਜੇ ਬਲਾਕ 'ਚ ਦੋਸਤ ਨੂੰ ਮਿਲਣ 'ਤੇ ਵੀ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ, ਜਿਹੜੇ ਵਿਦਿਆਰਥੀ ਉਸ ਨੂੰ ਪੈਸੇ ਦਾ ਲਾਲਚ ਦਿੰਦੇ ਰਹਿੰਦੇ ਸਨ ਉਨ੍ਹਾਂ ਦੇ ਲਈ ਹੋਸਟਲ 'ਚ ਪੂਰੀ ਖੁੱਲ੍ਹ ਰਹਿੰਦੀ ਸੀ। ਵਾਈਸ ਚਾਂਸਲਰ ਏ.ਐੱਸ. ਚਾਵਲਾ ਨੇ ਕਿਹਾ ਕਿ ਲਾਪਰਵਾਹੀ ਨਾਲ ਨਹੀਂ ਹੇਮੰਤ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਯੂਨੀਵਰਸਿਟੀ ਆਪਣੇ ਪੱਧਰ 'ਤੇ ਜਾਂਚ ਕਰ ਰਹੀ ਹੈ। ਫਿਲਹਾਲ ਯੂਨੀਵਰਸਿਟੀ ਬੰਦ ਰਹੇਗੀ ਅਤੇ ਪ੍ਰੀਖਿਆ ਦਾ ਸ਼ਡਿਊਲ ਫਿਰ ਜਾਰੀ ਹੋਵੇਗਾ।