ਤੇਜ਼ਾਬ ਪੀੜਤ ਲੜਕੀ ਦੀ ਮਦਦ ਲਈ ਅੱਗੇ ਆਏ ਸਮਾਜ-ਸੇਵੀ ਸੇਠੀ

Monday, Mar 12, 2018 - 07:20 AM (IST)

ਤੇਜ਼ਾਬ ਪੀੜਤ ਲੜਕੀ ਦੀ ਮਦਦ ਲਈ ਅੱਗੇ ਆਏ ਸਮਾਜ-ਸੇਵੀ ਸੇਠੀ

ਡੇਰਾਬੱਸੀ  (ਅਨਿਲ) - ਮੋਹਾਲੀ ਜ਼ਿਲੇ ਦੇ ਇਲੈਕਸ਼ਨ ਆਇਕਨ ਤੇ ਸਮਾਜ-ਸੇਵੀ ਸੋਨੂੰ ਸੇਠੀ ਨੇ ਤੇਜ਼ਾਬ ਪੀੜਤ ਲੜਕੀ ਦੀ ਮਦਦ ਲਈ ਅਨੋਖੀ ਪਹਿਲ ਕੀਤੀ ਹੈ । ਉਨ੍ਹਾਂ ਸੋਸ਼ਲ ਮੀਡੀਆ 'ਤੇ ਹੀ ਪੀੜਤਾ ਕੋਮਲਪ੍ਰੀਤ ਦੇ ਇਲਾਜ ਲਈ 4 ਲੱਖ ਰੁਪਏ ਇਕੱਠੇ ਕਰ ਕੇ ਪਰਿਵਾਰ ਨੂੰ ਸੌਂਪ ਦਿੱਤੇ । ਕੋਮਲਪ੍ਰੀਤ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ-ਇਲਾਜ ਹੈ ।ਜਾਣਕਾਰੀ ਮੁਤਾਬਕ ਪੰਜਾਬ ਦੇ ਕਪੂਰਥਲਾ ਵਿਚ ਔਜਲਾ ਫਾਟਕ ਨੇੜੇ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ 16 ਸਾਲਾਂ ਦੀ ਕੋਮਲਪ੍ਰੀਤ 'ਤੇ ਉਸ ਦੇ ਚਾਚੇ ਨੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ 'ਚ ਤੇਜ਼ਾਬ ਸੁੱਟ ਦਿੱਤਾ ਸੀ, ਜਿਸ ਕਾਰਨ ਕੋਮਲਪ੍ਰੀਤ ਦਾ ਗਲਾ, ਮੁੰਹ ਤੇ ਹੱਥ ਬੁਰੀ ਤਰ੍ਹਾਂ ਝੁਲਸ ਗਏ ਸਨ । ਪੀੜਤਾ ਨੂੰ ਜਲੰਧਰ ਦੇ ਬਾਠ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ 60 ਫੀਸਦੀ ਝੁਲਸ ਚੁੱਕੀ ਕੋਮਲਪ੍ਰੀਤ ਦੇ ਇਲਾਜ ਲਈ 3 ਲੱਖ ਰੁਪਏ ਦਾ ਖਰਚ ਦੱਸਿਆ । ਸੋਨੂੰ ਸੇਠੀ ਨੇ ਦੱਸਿਆ ਕਿ ਦੋਸ਼ੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਪਰਿਵਾਰ ਵਿਚ ਲੜਕੀ ਤੇ ਉਸ ਦੀ ਮਾਂ ਹੀ ਹਨ, ਜਿਨ੍ਹਾਂ ਕੋਲ ਇਲਾਜ ਲਈ ਪੈਸੇ ਤਾਂ ਇਕ ਪਾਸੇ, ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ ।
ਪੀੜਤਾ ਤੇ ਉਸ ਦੇ ਪਰਿਵਾਰ ਨੂੰ ਮਿਲਣ 'ਤੇ ਉਨ੍ਹਾਂ ਨੇ ਪਹਿਲਾਂ ਮਦਦ ਦੀ ਅਪੀਲ ਵਾਲੀ ਵੀਡੀਓ ਕਲਿੱਪ ਬਣਾਈ ਤੇ ਫਿਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਮਦਦ ਲਈ ਲੋਕਾਂ ਨੂੰ ਅਪੀਲ ਕੀਤੀ । ਚਾਰ-ਪੰਜ ਦਿਨਾਂ ਵਿਚ ਹੀ ਉਨ੍ਹਾਂ ਦੇ ਸਰਕਲ ਵਿਚ ਮੌਜੂਦ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਤੇ ਦਾਨੀ ਸੱਜਣਾਂ ਨੇ ਜ਼ਰੁਰੀ ਫੰਡ ਜੋੜ ਦਿੱਤਾ । ਸੋਨੂੰ ਸੇਠੀ ਨੇ ਇਸ ਫੰਡ ਵਿਚ ਆਪਣਾ ਯੋਗਦਾਨ ਵੱਖਰੇ ਤੌਰ 'ਤੇ ਦਿੰਦੇ ਹੋਏ ਗਰੀਬ ਪਰਿਵਾਰ ਨੂੰ ਜਲੰਧਰ ਜਾ ਕੇ 4 ਲੱਖ ਰੁਪਏ ਦਾ ਚੈੱਕ ਸੌਂਪ ਦਿੱਤਾ ।


Related News