ਸੋਮਵਾਰ ਪੰਜਾਬ ''ਚ ਪੈ ਸਕਦੈ ਭਾਰੀ ਮੀਂਹ
Sunday, Jan 12, 2020 - 12:55 AM (IST)

ਚੰਡੀਗੜ੍ਹ, (ਯੂ. ਐੱਨ. ਆਈ.)— ਉੱਤਰੀ-ਪੱਛਮੀ ਭਾਰਤ ਦੇ ਕਈ ਇਲਾਕਿਆਂ 'ਚ ਸ਼ਨੀਵਾਰ ਬੱਦਲ ਛਾ ਗਏ। ਮੌਸਮ ਵਿਭਾਗ ਨੇ ਸੋਮਵਾਰ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਕਈ ਥਾਵਾਂ 'ਤੇ ਗੜੇਮਾਰ ਵੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਮੌਸਮ ਖੁਸ਼ਕ ਰਹੇਗਾ ਪਰ ਸੋਮਵਾਰ ਤੋਂ ਇਸ ਦੇ 'ਗਿੱਲਾ' ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਚ ਵੀ ਆਉਂਦੇ 2 ਦਿਨਾਂ ਦੌਰਾਨ ਕਈ ਥਾਵਾਂ 'ਤੇ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਸ਼ਿਮਲਾ, ਕੁੱਲੂ, ਚੰਬਾ, ਮੰਡੀ ਅਤੇ ਨਾਲ ਲੱਗਦੇ ਇਲਾਕਿਆਂ 'ਚ ਸ਼ਨੀਵਾਰ ਚੌਥੇ ਦਿਨ ਵੀ ਕਈ ਸੜਕਾਂ ਬਰਫਬਾਰੀ ਕਾਰਣ ਬੰਦ ਸਨ ਅਤੇ ਉਕਤ ਥਾਵਾਂ ਦੇ ਅੰਦਰੂਨੀ ਇਲਾਕਿਆਂ ਦਾ ਸੰਪਰਕ ਬਾਕੀ ਦੇਸ਼ ਨਾਲੋਂ ਕੱਟਿਆ ਰਿਹਾ। ਵਧੇਰੇ ਥਾਵਾਂ 'ਤੇ ਘੱਟੋ-ਘੱਟ ਤਾਪਮਾਨ ਸਿਫਰ ਤੋਂ ਵੀ ਹੇਠਾਂ ਚਲਾ ਗਿਆ ਹੈ। ਸ਼ਿਮਲਾ ਦੇ ਸੰਜੋਲੀ ਇਲਾਕੇ 'ਚ ਇਕ ਵਿਅਕਤੀ ਬਰਫ ਤੋਂ ਤਿਲਕ ਕੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਠਿਓਗ ਵਿਖੇ ਇਕ ਨੌਜਵਾਨ ਅਜੇ ਠਾਕੁਰ ਦੀ ਜਾਨਲੇਵਾ ਠੰਡ ਕਾਰਣ ਮੌਤ ਹੋ ਗਈ। ਇਕ ਨੇਪਾਲੀ ਵਿਅਕਤੀ ਦੀ ਟੁੱਟੀਕੰਡੀ ਵਿਖੇ ਮੌਤ ਹੋਣ ਦੀ ਖਬਰ ਹੈ। ਜੰਮੂ-ਕਸ਼ਮੀਰ 'ਚ ਵੀ ਠੰਡ ਤੋਂ ਕੋਈ ਰਾਹਤ ਨਹੀਂ ਮਿਲੀ। ਸ਼੍ਰੀਨਗਰ ਵਿਖੇ ਘੱਟੋ-ਘੱਟ ਤਾਪਮਾਨ ਮਨਫੀ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਵਿਚ ਇਹ ਤਾਪਮਾਨ 3 ਡਿਗਰੀ ਸੀ।