ਮੋਹਲੇਧਾਰ ਮੀਂਹ ਕਾਰਨ ਬਿਜਲੀ ਦੀਆਂ ਸ਼ਿਕਾਇਤਾਂ ਦਾ ਅੰਕੜਾ 4200 ਤੋਂ ਪਾਰ,ਕਾਮੇ ਬੇਹਾਲ

Friday, Aug 07, 2020 - 12:57 PM (IST)

ਮੋਹਲੇਧਾਰ ਮੀਂਹ ਕਾਰਨ ਬਿਜਲੀ ਦੀਆਂ ਸ਼ਿਕਾਇਤਾਂ ਦਾ ਅੰਕੜਾ 4200 ਤੋਂ ਪਾਰ,ਕਾਮੇ ਬੇਹਾਲ

ਜਲੰਧਰ, (ਪੁਨੀਤ)–ਭਾਰੀ ਬਾਰਿਸ਼ ਪੈਣ ਨਾਲ ਬਿਜਲੀ ਦੀ ਸਪਲਾਈ ਵਿਚ ਜੋ ਨੁਕਸ ਪਏ, ਉਨ੍ਹਾਂ ਨਾਲ ਖਪਤਕਾਰ ਤਾਂ ਪ੍ਰੇਸ਼ਾਨ ਹੋਏ ਹੀ, ਨਾਲ ਹੀ ਨੁਕਸ ਦੂਰ ਕਰਨ ਵਾਲੇ ਪਾਵਰਕਾਮ ਦੇ ਫੀਲਡ ਕਰਮਚਾਰੀ ਵੀ ਬੇਹਾਲ ਹੋ ਗਏ। 4200 ਦਾ ਅੰਕੜਾ ਛੂਹਣ ਵਾਲੀਆਂ ਸ਼ਿਕਾਇਤਾਂ ਅਤੇ ਕਰਮਚਾਰੀਆਂ ਦੀ ਸ਼ਾਰਟੇਜ ਨਾਲ ਕੰਮ ਚਲਾਉਣਾ ਪਾਵਰ ਨਿਗਮ ਲਈ ਮੁਸ਼ਕਲ ਸਾਬਿਤ ਹੋ ਗਿਆ। ਬਾਰਿਸ਼ ਕਾਰਣ ਅੱਜ 4261 ਦੇ ਕਰੀਬ ਸ਼ਿਕਾਇਤਾਂ ਮਿਲੀਆਂ, ਜਦਕਿ ਪਿਛਲੇ ਮਹੀਨੇ ਦੇ ਅੰਤ ਵਿਚ ਸਿਰਫ ਇਕ ਵਾਰ ਬਿਜਲੀ ਦੀਆਂ ਸ਼ਿਕਾਇਤਾਂ ਨੇ 4000 ਦਾ ਅੰਕੜਾ ਛੂਹਿਆ ਸੀ। ਜਾਣਕਾਰੀ ਮੁਤਾਬਕ ਪਿਛਲੇ ਮਹੀਨੇ 30 ਜੁਲਾਈ ਨੂੰ 5129, 21 ਜੁਲਾਈ ਨੂੰ 3072 ਅਤੇ 27 ਜੁਲਾਈ ਨੂੰ 3,613 ਸ਼ਿਕਾਇਤਾਂ ਮਿਲੀਆਂ। ਇਸ ਮਹੀਨੇ 4 ਅਗਸਤ ਨੂੰ 2477 ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ ਹੁਣ ਬਾਰਿਸ਼ ਪੈਣ ਨਾਲ ਸ਼ਿਕਾਇਤਾਂ ਦੀ ਝੜੀ ਲੱਗਣ ਤੋਂ ਅਜਿਹਾ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਜੇਕਰ 1-2 ਦਿਨ ਲਗਾਤਾਰ ਬਾਰਿਸ਼ ਪੈ ਗਈ ਤਾਂ ਬਿਜਲੀ ਸਿਸਟਮ ਅਸਤ-ਵਿਅਸਤ ਹੋ ਜਾਵੇਗਾ।

ਬਾਰਿਸ਼ ਨਾਲ ਜਿਹੜੇ ਇਲਾਕਿਆਂ ਵਿਚ ਨੁਕਸ ਪਏ, ਉਨ੍ਹਾਂ ਵਿਚ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਵੀ ਸ਼ਾਮਲ ਹਨ। ਦੁਕਾਨਦਾਰਾਂ ਨੇ ਕਿਹਾ ਕਿ ਕਈ ਜਗ੍ਹਾ ਤਾਰਾਂ ਦੇ ਗੁੱਛੇ ਹਨ, ਜਿਨ੍ਹਾਂ ਨੂੰ ਠੀਕ ਕਰਨ ਲਈ ਕਈ ਵਾਰ ਲਿਖਤੀ ਦਿੱਤਾ ਜਾ ਚੁੱਕਾ ਹੈ ਪਰ ਕਰਮਚਾਰੀ ਸਿਰਫ ਖਾਨਾਪੂਰਤੀ ਕਰਕੇ ਚਲੇ ਜਾਂਦੇ ਹਨ, ਜਿਸ ਕਾਰਣ ਸਮੱਸਿਆ ਦਾ ਪੱਕਾ ਹੱਲ ਨਹੀਂ ਹੁੰਦਾ। ਉਕਤ ਖਰਾਬ ਸਿਸਟਮ ਕਾਰਣ ਹੀ ਪਿਛਲੇ ਮਹੀਨੇ ਤਾਰ ਟੁੱਟ ਕੇ ਪਾਣੀ ਵਿਚ ਡਿੱਗਣ ’ਤੇ ਉਸ ਵਿਚ ਕਰੰਟ ਆ ਗਿਆ ਸੀ, ਜਿਸ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਾਵਰ ਨਿਗਮ ਹਾਦਸਿਆਂ ਦਾ ਇੰਤਜ਼ਾਰ ਕਰ ਰਿਹਾ ਹੈ ਜਾਂ ਸਮਾਂ ਰਹਿੰਦੇ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ?

ਦਿਨ-ਰਾਤ ਰਿਪੇਅਰ ’ਚ ਰੁੱਝੇ ਕਰਮਚਾਰੀਆਂ ਦਾ ਕੰਮ ਸ਼ਲਾਘਾਯੋਗ

ਪਾਵਰ ਨਿਗਮ ਦੇ ਡਿਪਟੀ ਚੀਫ ਇੰਜੀਨੀਅਰ ਆਪ੍ਰੇਸ਼ਨ ਸਰਕਲ ਜਲੰਧਰ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਲੋਕਾਂ ਨੂੰ ਸਹੂਲਤ ਦੇਣ ਲਈ ਦਿਨ-ਰਾਤ ਰਿਪੇਅਰ ਦੇ ਕੰਮ ਵਿਚ ਜੁਟੇ ਕਰਮਚਾਰੀਆਂ ਦਾ ਕੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਖਪਤਕਾਰ ਚਾਹੁੰਦੇ ਹਨ ਕਿ ਬਿਜਲੀ ਦੀ ਸਪਲਾਈ ਵਿਚ ਵਿਘਨ ਪੈਂਦਿਆਂ ਹੀ ਨੁਕਸ ਦੂਰ ਕਰ ਦਿੱਤਾ ਜਾਵੇ ਪਰ ਉਨ੍ਹਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸ਼ਿਕਾਇਤਾਂ ਜ਼ਿਆਦਾ ਹੋਣ ’ਤੇ ਅਜਿਹਾ ਸੰਭਵ ਨਹੀਂ ਹੁੰਦਾ।


author

Lalita Mam

Content Editor

Related News