ਕਿਸਾਨਾਂ ਨੂੰ ਫਿਰ ਮੌਸਮ ਦੀ ਮਾਰ : ਗੜ੍ਹੇਮਾਰੀ ਅਤੇ ਬਾਰਿਸ਼ ਦੇ ਨਾਲ ਕਣਕ ਦਾ ਭਾਰੀ ਨੁਕਸਾਨ
Monday, Apr 27, 2020 - 07:43 PM (IST)
ਪਟਿਆਲਾ (ਬਿਊਰੋ) : ਇਸ ਵਾਰ ਜਿਥੇ ਕੁੱਲ ਦੁਨੀਆ 'ਕੋਰੋਨਾ' ਦੀ ਮਾਰ ਝੱਲ ਰਹੀ ਹੈ, ਉਥੇ ਹੀ ਕਿਸਾਨ ਮੌਸਮ ਦੀ ਮਾਰ ਝੱਲ ਰਹੇ ਹਨ। ਹਾਲਾਤ ਇਹ ਹਨ ਕਿ ਜਿਥੇ ਇਕ ਪਾਸੇ ਸਰਕਾਰ ਨੇ 'ਕੋਰੋਨਾ' ਕਾਰਣ ਕਣਕ ਦੀ ਖਰੀਦ ਦਾ ਕੰਮ ਬਹੁਤ ਹੌਲੀ ਕੀਤਾ ਹੋਇਆ ਹੈ, ਉਥੇ ਹੀ ਮੌਸਮ ਦੀ ਮਾਰ ਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਤੜਕਸਾਰ ਫਿਰ ਪਟਿਆਲਾ ਦੇ ਕਈ ਇਲਾਕਿਆਂ ਵਿਚ ਹਲਕੀ ਗੜ੍ਹੇਮਾਰੀ ਨਾਲ ਤੇਜ਼ ਬਾਰਿਸ਼ ਅਤੇ ਝੱਖੜ ਚੱਲਿਆ, ਜਿਸ ਨਾਲ ਮੰਡੀਆਂ ਵਿਚ ਪਈ ਕਣਕ ਦੀ ਫਸਲ ਗਿੱਲੀ ਹੋ ਗਈ ਅਤੇ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਅਤੇ ਤੂੜੀ ਬਣਾਉਣ ਲਈ ਬਚੀ ਰਹਿੰਦ-ਖੂੰਹਦ ਵੀ ਵੱਡੇ ਪੱਧਰ 'ਤੇ ਨੁਕਸਾਨੀ ਗਈ। ਤਿੰਨ ਦਿਨ ਪਹਿਲਾਂ ਵੀ ਪਟਿਆਲਾ ਦੇ ਕਈ ਇਲਾਕਿਆਂ ਵਿਚ ਗੜ੍ਹੇਮਾਰੀ ਅਤੇ ਬਾਰਿਸ਼ ਕਾਰਣ ਕਣਕ ਦਾ ਭਾਰੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ ► ਪਟਿਆਲਾ ਜ਼ਿਲੇ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ, 63 ਸਾਲਾ ਮਹਿਲਾ ਨੇ ਤੋੜਿਆ ਦਮ
ਪਹਿਲਾਂ ਹੀ ਮਾਰਚ ਦੇ ਮਹੀਨੇ 'ਚ ਲਗਾਤਾਰ ਪਈਆਂ ਬਾਰਿਸ਼ਾਂ ਅਤੇ ਤੇਜ਼ ਹਵਾਵਾਂ ਕਾਰਣ ਇਸ ਵਾਰ ਕਣਕ ਦਾ ਝਾੜ 30 ਤੋਂ 40 ਫੀਸਦੀ ਆਮ ਦੇ ਮੁਕਾਬਲੇ ਘੱਟ ਆ ਰਿਹਾ ਹੈ, ਜਿਸ ਨਾਲ ਪਹਿਲਾਂ ਹੀ ਆਰਥਿਕ ਤੌਰ 'ਤੇ ਟੁੱਟੇ ਕਿਸਾਨਾਂ ਨੂੰ ਹੁਣ ਕੁਦਰਤ ਦੀ ਹੋਰ ਮਾਰ ਪੈ ਰਹੀ ਹੈ। ਕਿਸਾਨਾਂ ਵੱਲੋਂ ਭਾਵੇਂ ਕਿ ਪ੍ਰਮਾਤਮਾ ਅੱਗੇ ਕੋਈ ਗੁੱਸਾ ਜ਼ਾਹਰ ਨਹੀਂ ਕੀਤਾ ਜਾ ਸਕਦਾ ਪਰ ਜਿਸ ਤਰ੍ਹਾਂ ਕਣਕ ਦੀ ਖਰੀਦ ਸਬੰਧੀ ਪ੍ਰਕਿਰਿਆ ਅਪਣਾਈ ਗਈ ਹੈ, ਉਸ ਤੋਂ ਕਿਸਾਨ ਬਹੁਤ ਜ਼ਿਆਦਾ ਦੁਖੀ ਹਨ। ਬਹੁਤ ਸਾਰੇ ਕਿਸਾਨਾਂ ਨੂੰ ਨਾ ਚਾਹੁੰਦੇ ਹੋਏ ਵੀ ਆਪਣੀਆਂ ਫਸਲਾਂ ਨੂੰ ਘਰਾਂ 'ਚ ਰੱਖਣਾ ਪੈ ਰਿਹਾ ਹੈ ਅਤੇ ਜਿਹੜੇ ਕਿਸਾਨਾਂ ਵੱਲੋਂ ਮੰਡੀਆਂ 'ਚ ਫਸਲ ਸੁੱਟੀ ਗਈ ਹੈ, ਉਹ ਕਿਸਾਨ ਵੀ ਇਸ ਕਰ ਕੇ ਨਿਰਾਸ਼ ਹਨ ਕਿ ਕਈ-ਕਈ ਦਿਨ ਮੰਡੀ ਵਿਚ ਬੈਠਣ ਦੇ ਬਾਵਜੂਦ ਵੀ ਫਸਲ ਨਹੀਂ ਵਿਕ ਰਹੀ। ਭਾਵੇਂ ਕਿ ਸਰਕਾਰ ਵੱਲੋਂ ਕਿਸਾਨ ਪਾਸ ਰਾਹੀਂ ਕਣਕ ਮੰਡੀਆਂ ਵਿਚ ਪਹੁੰਚਾਈ ਜਾ ਰਹੀ ਹੈ ਪਰ ਬਹੁਤੇ ਕਿਸਾਨਾਂ ਕੋਲ ਘਰਾਂ ਵਿਚ ਕਣਕ ਨੂੰ ਸਟੋਰ ਕਰਨ ਲਈ ਕੋਈ ਜਗ੍ਹਾ ਨਾ ਹੋਣ ਕਾਰਣ ਉਨ੍ਹਾਂ ਨੂੰ ਮਜਬੂਰੀ ਵਿਚ ਖੁੱਲ੍ਹੀਆਂ ਥਾਵਾਂ 'ਤੇ ਆਪਣੀ ਕਣਕ ਨੂੰ ਸਟੋਰ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ ► ਤਰਨਤਾਰਨ 'ਚ ਕੋਰੋਨਾ ਦੀ ਦਸਤਕ, ਨਾਂਦੇੜ ਸਾਹਿਬ ਤੋਂ ਪਰਤੇ ਜੱਥੇ 'ਚੋਂ 6 ਸ਼ਰਧਾਲੂ ਮਿਲੇ 'ਕੋਰੋਨਾ' ਪਾਜ਼ੀਟਿਵ
ਲਿਫਟਿੰਗ ਦਾ ਬੁਰਾ ਹਾਲ
ਭਾਵੇਂ ਕਿ ਸਰਕਾਰ ਵੱਲੋਂ ਕਣਕ ਦੀ ਖਰੀਦ ਦੀ ਪ੍ਰਕਿਰਿਆ ਸਹੀ ਢੰਗ ਨਾਲ ਚੱਲਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜਿੱਥੇ ਸਰਕਾਰ ਵੱਲੋਂ ਅਪਣਾਈ ਗਈ ਪਾਸ ਦੀ ਪ੍ਰਕਿਰਿਆ ਕਾਰਣ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਜਿਹੜੀ ਫਸਲ ਵਿਕ ਚੁੱਕੀ ਹੈ, ਉਸ ਦੀ ਲਿਫਟਿੰਗ ਵੀ ਨਹੀਂ ਹੋ ਪਾ ਰਹੀ। ਭਾਵੇਂ ਵੱਡੀ ਮੰਡੀ ਹੋਵੇ ਜਾਂ ਛੋਟਾ ਖਰੀਦ ਕੇਂਦਰ, ਚਾਰੇ ਪਾਸੇ ਕਣਕ ਦੇ ਢੇਰ ਲੱਗੇ ਹੋਏ ਹਨ।