ਗਰਮੀ ਤੋਂ ਬਚਾਅ ਲਈ ਨੌਜਵਾਨਾਂ ਵਲੋਂ ਨਹਿਰਾਂ ਅਤੇ ਰਜਬਾਹਿਆਂ ''ਚ ਖੇਡੀ ਜਾ ਰਹੀ ਹੈ ਖਤਰਨਾਕ ਖੇਡ

Saturday, Jun 10, 2017 - 07:07 PM (IST)

ਗਰਮੀ ਤੋਂ ਬਚਾਅ ਲਈ ਨੌਜਵਾਨਾਂ ਵਲੋਂ ਨਹਿਰਾਂ ਅਤੇ ਰਜਬਾਹਿਆਂ ''ਚ ਖੇਡੀ ਜਾ ਰਹੀ ਹੈ ਖਤਰਨਾਕ ਖੇਡ

ਕੋਟਕਪੂਰਾ (ਨਰਿੰਦਰ ਬੈੜ) : ਅੱਤ ਦੀ ਗਰਮੀ ਤੋਂ ਨਿਜ਼ਾਤ ਪਾਉਣ ਲਈ ਅਕਸਰ ਲੋਕਾਂ ਨੂੰ ਰਜਬਾਹਿਆਂ ਅਤੇ ਨਹਿਰਾਂ 'ਚ ਨਹਾਉਂਦਿਆਂ ਵੇਖਿਆ ਜਾ ਸਕਦਾ ਹੈ। ਇਸ ਖਤਰਨਾਕ ਖੇਡ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਦੇ ਨੇੜੇ ਪੈਂਦੇ ਰਜਬਾਹਿਆਂ ਅਤੇ ਨਹਿਰਾਂ ਦੇ ਪੁਲਾਂ ਤੋਂ ਛਲਾਂਗ ਮਾਰਦੇ ਅਤੇ ਮਸਤੀਆਂ ਕਰਦੇ ਨੌਜਵਾਨਾਂ ਦੀਆਂ ਟੋਲੀਆਂ ਵੀ ਅਕਸਰ ਹੀ ਵਿਖਾਈ ਦਿੰਦੀਆਂ ਹਨ। ਲੋਕਾਂ ਵੱਲੋਂ ਗਰਮੀ ਤੋਂ ਬਚਣ ਲਈ ਅਪਣਾਇਆ ਜਾ ਰਿਹਾ ਇਹ ਤਰੀਕਾ ਬਹੁਤ ਹੀ ਖਤਰਨਾਕ ਸਿੱਧ ਹੋ ਰਿਹਾ ਹੈ ਕਿਉਂਕਿ ਕੁੱਝ ਸਮੇਂ ਤੋਂ ਰਜਬਾਹਿਆਂ ਅਤੇ ਨਹਿਰਾਂ ਵਿਚ ਨਹਾਉਣ ਦੌਰਾਨ ਕਈ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਨੌਜਵਾਨਾਂ ਦੇ ਇਸ ਤਰ੍ਹਾਂ ਨਹਾਉਣ ਦੌਰਾਨ ਪਾਣੀ ਵਿਚ ਖੜਮਸਤੀਆਂ ਕਰਦਿਆਂ ਡੁੱਬਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਪ੍ਰੰਤੂ ਬਹੁਤ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਸਰਕਾਰ ਵੱਲੋਂ ਅਤੇ ਨਾ ਹੀ ਸਮਾਜਸੇਵੀ ਸੰਸਥਾਵਾਂ ਵੱਲੋਂ ਇੰਨ੍ਹਾਂ ਨੂੰ ਰੋਕਣ ਲਈ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਹਿਰਾਂ ਵਿਚ ਛਲਾਂਗਾਂ ਮਾਰਨ ਵਾਲੇ ਨੌਜਵਾਨਾਂ 'ਚੋਂ ਕਈਆਂ ਨੂੰ ਤਾਂ ਤੈਰਨ ਦੀ ਮੁਹਾਰਤ ਹਾਸਲ ਹੁੰਦੀ ਹੈ ਪਰ ਕੁੱਝ ਅਣਜਾਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਤੈਰਨਾ ਵੀ ਨਹੀਂ ਆਉਂਦਾ, ਇੱਕ-ਦੂਜੇ ਦੇ ਪਿੱਛੇ ਲੱਗ ਕੇ ਨਹਿਰਾਂ 'ਚ ਨਹਾਉਣ ਚਲੇ ਜਾਂਦੇ ਹਨ। ਕਈ ਨੌਜਵਾਨ ਪਾਣੀ ਦੀ ਡੂੰਘਾਈ ਤੋਂ ਵੀ ਅਣਜਾਣ ਹੁੰਦੇ ਹਨ, ਜੋ ਕਿ ਹਾਦਸਿਆਂ ਦਾ ਵੱਡਾ ਕਾਰਨ ਬਣਦਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਨਹਿਰਾਂ ਅਤੇ ਰਜਬਾਹਿਆਂ 'ਤੇ ਇਸ ਤਰ੍ਹਾਂ ਨਹਾਉਣ 'ਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਇਸ ਸਬੰਧ ਵਿਚ ਬਕਾਇਦਾ ਕਾਨੂੰਨ ਵੀ ਬਣਾਇਆ ਜਾਵੇ।


Related News