ਡਾ. ਭਾਗੋਵਾਲੀਆ ਖਿਲਾਫ ਜਾਂਚ ਦੇ ਹੁਕਮ ਜਾਰੀ
Wednesday, Nov 22, 2017 - 06:21 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) - ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ 'ਤੇ ਮਹਿਲਾ ਫੂਡ ਸੇਫਟੀ ਅਧਿਕਾਰੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਹਤ ਵਿਭਾਗ ਨੇ ਗੰਭੀਰਤਾ ਨਾਲ ਲਿਆ ਹੈ। ਵਿਭਾਗ ਨੇ ਸਿਵਲ ਸਰਜਨ ਅੰਮ੍ਰਿਤਸਰ ਡਾ. ਨਰਿੰਦਰ ਕੌਰ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਦਬਾਅ ਦੇ ਨਿਰਪੱਖਤਾ ਨਾਲ ਭਾਗੋਵਾਲੀਆ 'ਤੇ ਲਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਡਾ. ਭਾਗੋਵਾਲੀਆ ਅਧੀਨ ਤਾਇਨਾਤ ਇਕ ਮਹਿਲਾ ਫੂਡ ਸੇਫਟੀ ਅਧਿਕਾਰੀ ਨੇ ਉਨ੍ਹਾਂ 'ਤੇ ਮਾਨਸਿਕ ਤੌਰ 'ਤੇ ਤੰਗ ਕਰ ਕੇ ਤਸ਼ੱਦਦ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਮਹਿਲਾ ਅਧਿਕਾਰੀ ਨੇ ਕਿਹਾ ਸੀ ਕਿ ਡਾ. ਭਾਗੋਵਾਲੀਆ ਐਂਡ ਆਵਰ ਵਿਚ ਉਨ੍ਹਾਂ ਨੂੰ ਦਫ਼ਤਰ ਬੁਲਾਉਂਦੇ ਹਨ ਅਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ। ਮਹਿਲਾ ਫੂਡ ਅਧਿਕਾਰੀ ਵੱਲੋਂ ਪੰਜਾਬ ਵੂਮੈਨ ਸੈੱਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਪੁਲਸ ਕਮਿਸ਼ਨਰ, ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਮੋਹਾਲੀ, ਮਨੁੱਖੀ ਅਧਿਕਾਰ ਕਮਿਸ਼ਨ, ਅਨੁਸੂਚਿਤ ਜਾਤੀ ਕਮਿਸ਼ਨ ਆਦਿ ਨੂੰ ਸ਼ਿਕਾਇਤ ਲਿਖ ਕੇ ਇਨਸਾਫ ਦੀ ਮੰਗ ਕੀਤੀ ਗਈ ਸੀ।
ਮਹਿਲਾ ਅਧਿਕਾਰੀ ਵੱਲੋਂ ਵਿਭਾਗ ਨੂੰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਨੂੰ ਜਾਂਚ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਿਵਲ ਸਰਜਨ ਨੇ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਪਾਰਦਰਸ਼ੀ ਢੰਗ ਨਾਲ ਜਾਂਚ ਛੇਤੀ ਤੋਂ ਛੇਤੀ ਕਰ ਕੇ ਰਿਪੋਰਟ ਵਿਭਾਗ ਨੂੰ ਭੇਜੀ ਜਾਵੇ। ਜਗ ਬਾਣੀ ਨਾਲ ਗੱਲਬਾਤ ਕਰਦਿਆਂ ਡਾ. ਨਰਿੰਦਰ ਕੌਰ ਨੇ ਕਿਹਾ ਕਿ ਜਾਂਚ ਜਾਰੀ ਹੈ। ਬਿਨਾਂ ਦਬਾਅ ਅਤੇ ਨਿਰਪੱਖਤਾ ਨਾਲ ਰਿਪੋਰਟ ਤਿਆਰ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਮਹਿਲਾ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਡਾ. ਲਖਬੀਰ ਸਿੰਘ ਭਾਗੋਵਾਲੀਆ ਉਨ੍ਹਾਂ ਤੋਂ ਪੈਸੇ ਦੀ ਮੰਗ ਕਰਦੇ ਸਨ, ਜਦੋਂ ਉਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕਰਨ ਦੀ ਗੱਲ ਕਹੀ ਤਾਂ ਉਹ ਭੜਕ ਗਏ ਤੇ ਰੋਜ਼ਾਨਾ ਉਸ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਕਰਵਾਉਂਦੇ ਸਨ। ਸਰਕਾਰ ਵੱਲੋਂ ਹਰੇਕ ਫੂਡ ਸੇਫਟੀ ਅਧਿਕਾਰੀ ਨੂੰ ਚੈਕਿੰਗ ਲਈ ਅਧਿਕਾਰਤ ਖੇਤਰ ਵੰਡੇ ਗਏ ਹਨ ਪਰ ਡਾ. ਭਾਗੋਵਾਲੀਆ ਉਨ੍ਹਾਂ ਦੀ ਹਾਜ਼ਰੀ ਤੋਂ ਬਾਅਦ ਹੋਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਖੇਤਰ ਵਿਚ ਭੇਜ ਕੇ ਦਖਲਅੰਦਾਜ਼ੀ ਕਰਵਾਉਂਦੇ ਸਨ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅੱਜ ਸਬਰ ਦਾ ਘੜਾ ਭਰ ਗਿਆ ਸੀ, ਇਸੇ ਕਾਰਨ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਮਹਿਲਾ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ 'ਤੇ ਪੂਰਾ ਭਰੋਸਾ ਹੈ ਕਿ ਉਹ ਉਸ ਨੂੰ ਇਨਸਾਫ ਦਿਵਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਡਿਊਟੀ ਦੌਰਾਨ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਉਸ ਦੇ ਲਈ ਡਾ. ਭਾਗੋਵਾਲੀਆ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ।
ਜ਼ਿਕਰਯੋਗ ਹੈ ਕਿ ਡਾ. ਭਾਗੋਵਾਲੀਆ ਜਦੋਂ ਤੋਂ ਜ਼ਿਲਾ ਸਿਹਤ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਹੋਏ ਉਦੋਂ ਤੋਂ ਹੀ ਉਹ ਵਿਵਾਦਾਂ ਵਿਚ ਰਹੇ ਹਨ। ਪਹਿਲਾਂ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵੱਲੋਂ ਬਜ਼ੁਰਗ ਨਾਲ ਧੱਕਾ-ਮੁੱਕੀ ਕਰਨ ਤੇ ਪੈਸੇ ਮੰਗਣ ਦੇ ਉਨ੍ਹਾਂ ਦੀ ਟੀਮ 'ਤੇ ਦੋਸ਼ ਲਾਏ ਗਏ ਸਨ, ਉਸ ਤੋਂ ਬਾਅਦ ਹੋਰ ਕਈ ਥਾਵਾਂ ਤੋਂ ਸੈਂਪਲਿੰਗ ਦੇ ਨਾਂ 'ਤੇ ਉਗਰਾਹੀ ਦੇ ਦੋਸ਼ ਲੱਗੇ ਸਨ। ਇਸ ਤੋਂ ਇਲਾਵਾ ਡਾ. ਭਾਗੋਵਾਲੀਆ ਛਾਪੇ ਮਾਰਨ ਤੋਂ ਪਹਿਲਾਂ ਸਿਵਲ ਸਰਜਨ ਦੀ ਆਗਿਆ ਵੀ ਨਹੀਂ ਲੈਂਦੇ ਸਨ, ਜਿਸ ਤੋਂ ਬਾਅਦ ਸਿਵਲ ਸਰਜਨ ਨੇ ਸਿਹਤ ਅਧਿਕਾਰੀ ਦੀ ਟੀਮ ਨੂੰ ਹੀ ਬਦਲ ਦਿੱਤਾ ਸੀ ਅਤੇ ਭਵਿੱਖ ਵਿਚ ਛਾਪੇ ਮਾਰਨ ਤੋਂ ਪਹਿਲਾਂ ਉਨ੍ਹਾਂ ਦੇ ਹੁਕਮ ਲੈਣ ਲਈ ਕਿਹਾ ਗਿਆ ਸੀ।
ਕੀ ਕਹਿੰਦੇ ਹਨ ਡਾ. ਭਾਗੋਵਾਲੀਆ?
ਇਸ ਸਬੰਧੀ ਜਦੋਂ ਡਾ. ਲਖਬੀਰ ਸਿੰਘ ਭਾਗੋਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਜੋ ਦੋਸ਼ ਲਾਏ ਗਏ ਹਨ, ਝੂਠੇ ਤੇ ਬੇਬੁਨਿਆਦ ਹਨ। ਮਹਿਲਾ ਫੂਡ ਅਧਿਕਾਰੀ ਖਿਲਾਫ ਪਹਿਲਾਂ ਤੋਂ ਹੀ ਉੱਚ ਪੱਧਰ 'ਤੇ ਡਿਊਟੀ ਵਿਚ ਢਿੱਲ ਵਰਤਣ ਦੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ। ਜਾਂਚ ਨੂੰ ਪ੍ਰਭਾਵਿਤ ਕਰਨ ਲਈ ਹੀ ਮਹਿਲਾ ਅਧਿਕਾਰੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
