ਸਿਹਤ ਮੰਤਰੀ ਬਲਬੀਰ ਸਿੰਘ ਬੋਲੇ, ਸਿਹਤ ਪੱਖੋ ਸੁਲਤਾਨਪੁਰ ਲੋਧੀ ਨੂੰ ਬਣਵਾਂਗੇ ਮਾਡਲ ਸ਼ਹਿਰ

Friday, Jan 27, 2023 - 05:38 PM (IST)

ਸਿਹਤ ਮੰਤਰੀ ਬਲਬੀਰ ਸਿੰਘ ਬੋਲੇ, ਸਿਹਤ ਪੱਖੋ ਸੁਲਤਾਨਪੁਰ ਲੋਧੀ ਨੂੰ ਬਣਵਾਂਗੇ ਮਾਡਲ ਸ਼ਹਿਰ

ਸੁਲਤਾਨਪੁਰ ਲੋਧੀ- ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਪੰਜਾਬ ਦਾ ਬੇਹਤਰੀਨ ਹਸਪਤਾਲ ਬਣਾਵਾਂਗੇ। ਉਨ੍ਹਾਂ ਨਿਰਮਲ ਕੁਟੀਆ ਸੀਚੇਵਾਲ ਵਿਖੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਕੀਤੀ ਮੁਲਾਕਾਤ ਦੌਰਾਨ ਕਿਹਾ ਕਿ ਬਾਬੇ ਨਾਨਕ ਦੀ ਨਗਰੀ ਵਜੋਂ ਜਾਣੇ ਜਾਂਦੇ ਸੁਲਤਾਨਪੁਰ ਲੋਧੀ ਨੂੰ ਸਿਹਤ ਸਹੂਲਤਾਂ ਦੇ ਪੱਖ ਤੋਂ ਮਾਡਲ ਸ਼ਹਿਰ ਬਣਾਇਆ ਜਾਵੇਗਾ। ਮੁਲਾਕਾਤ ਦੌਰਾਨ ਸੁਲਤਾਨਪੁਰ ਲੋਧੀ ਅਤੇ ਸ਼ਾਹਕੋਟ ਸੀਨੀਅਰਾਂ ਮੈਡੀਕਲਾਂ ਅਫ਼ਸਰਾਂ ਵੀ ਉਥੇ ਮੌਜੂਦ ਸਨ, ਜਿਨ੍ਹਾਂ ਵੱਲੋਂ ਸਿਹਤ ਮੰਤਰੀ ਨੂੰ ਆਪੋ ਆਪਣੇ ਹਸਪਤਾਲਾਂ ਦੀਆਂ ਮੁਸ਼ਕਿਲਾਂ ਦੱਸਦਿਆ ਕਿਹਾ ਕਿ ਡਾਕਟਰਾਂ ਅਤੇ ਸਟਾਫ਼ ਨਰਸਾਂ ਦੀ ਘਾਟ ਕਾਰਨ ਸਿਹਤ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ। ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਮੌਕੇ 'ਤੇ ਹੀ ਨਰਸਿੰਗ ਕਾਲਜ਼ ਮਲਸੀਆਂ ਦੀ ਪ੍ਰਿੰਸੀਪਲ ਨੂੰ ਹਿਦਾਇਤ ਕੀਤੀ ਕਿ ਉਹ ਟਰੇਨਿੰਗ ਵਾਲੀਆਂ ਨਰਸਾਂ ਨੂੰ ਜਲੰਧਰ ਭੇਜਣ ਦੀ ਥਾਂ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ਪਹੁੰਚਣ ਲਈ ਕਿਹਾ। 

PunjabKesari

ਸਿਹਤ ਮੰਤਰੀ ਬਲਬੀਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸਲਾਹ ਦਿੰਦੇ ਕਿਹਾ ਕਿ ਤੰਦਰੁਸਤ ਜੀਵਨ ਅਤੇ ਦਵਾਈਆਂ ਦਾ ਖਹਿੜਾ ਛਡਾਉਣ ਲਈ ਸਾਫ਼-ਸੁਥਰਾ ਵਾਤਾਵਰਨ, ਕਸਰਤ ਅਤੇ ਸ਼ੁੱਧ ਖੁਰਾਕ ਖਾਣਾ ਬਹੁਤ ਜ਼ਰੂਰੀ ਹੈ। ਸਿਰਫ਼ ਹਸਪਤਾਲਾਂ ਨਾਲ ਹੀ ਪੰਜਾਬ ਨੂੰ ਤੰਦਰੁਸਤ ਨਹੀਂ ਬਣਾਇਆ ਜਾ ਸਕਦਾ ਸਗੋਂ ਜੀਵਨ ਜਾਂਚ ਦੀ ਸ਼ੈਲੀ ਬਦਲਣ ਨਾਲ ਹੀ ਤੰਦਰੁਸਤੀ ਆ ਸਕਦੀ ਹੈ।  ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਿੰਦਰਪਾਲ ਨੇ ਕਿਹਾ ਕਿ ਹਸਪਤਾਲ ਵਿਚ ਸਟਾਫ਼ ਦੀ ਕਾਫ਼ੀ ਘਾਟ ਦਾ ਮੁੱਦਾ ਉਠਾਇਆ। ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਦਵਿੰਦਰ ਪਾਲ ਸਿੰਘ ਵੱਲੋਂ ਵੀ ਮਾਹਰ ਡਾਕਟਰਾਂ ਦੀ ਘਾਟ ਦਾ ਹਵਾਲਾ ਦਿੰਦਿਆ ਕਿਹਾ ਕਿ ਸ਼ਾਹਕੋਟ ਹਸਪਤਾਲ ਵਿਚ ਐੱਸ. ਐੱਮ. ਓ. ਤੋਂ ਇਲਾਵਾ ਕੋਈ ਵੀ ਡਾਕਟਰ ਨਹੀ ਹੈ ਜਦਕਿ ਇਥੇ ਡਾਕਟਰਾਂ ਲਈ 5 ਪੋਸਟਾਂ ਹਨ। ਇਸੇ ਤਰ੍ਹਾਂ ਰੂਪੇਵਾਲੀ, ਲਸੂੜੀ ਅਤੇ ਗਿਦੜਪਿੰਡੀ ਵਿਚ ਵੀ ਡਾਕਟਰਾਂ ਦੀਆਂ ਪੋਸਟਾਂ ਖਾਲੀ ਹਨ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਜਲਦ ਹੀ ਉਹ ਉਹਨਾਂ ਦੀ ਸਮੱਸਿਆ ਦਾ ਹੱਲ ਕਰਨਗੇ।

ਇਹ ਵੀ ਪੜ੍ਹੋ : ਸੰਤੋਖ ਸਿੰਘ ਚੌਧਰੀ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਈਆਂ ਪ੍ਰਤਾਪ ਬਾਜਵਾ, ਰਾਜਾ ਵੜਿੰਗ ਸਣੇ ਕਈ ਹਸਤੀਆਂ

PunjabKesari

ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਈ ਟੀਮ ਦਾ ਸਵਾਗਤ ਕੀਤਾ ਅਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਸਿਹਤ ਮੰਤਰੀ ਕੋਲੋਂ ਮੰਗ ਕਰਦੇ ਕਿਹਾ ਕਿ ਸਿਹਤ ਸਹੂਲਤਾਂ ਲੋਕਾਂ ਦੀ ਮੁੱਢਲੀ ਜ਼ਰੂਰਤ ਹੈ, ਇਸ ਲਈ ਜਿੱਥੇ-ਜਿੱਥੇ ਵੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਸਟਾਫ਼ਾਂ ਦੀ ਕਮੀ ਹੈ, ਉਸ ਨੂੰ ਪੂਰਾ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਬਣਾਏ ਗਏ ਆਯੂਸ਼ਮਾਨ ਕਾਰਡਾਂ ਨੂੰ ਹਸਪਤਾਲਾਂ ਵਿਚ ਚਲਾਇਆ ਜਾਵੇ। ਇਸ ਮੌਕੇ ਆਈ ਹੋਈ ਟੀਮ ਤੋਂ ਇਲਾਵਾ ਹੈਲਥ ਸੁਪਰਵਾਈਜ਼ਰ ਅਮਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਸ਼ੰਟੀ, ਫਕੀਰ ਸਿੰਘ, ਤਰਸੇਮ ਸਿੰਘ ਪ੍ਰਧਾਨ ਤੋਂ ਇਲਾਵਾ ਹੋਰ ਸਿਹਤ ਕਰਮਚਾਰੀ ਅਤੇ ਸੇਵਾਦਾਰ ਹਾਜ਼ਰ ਸਨ।

ਸੰਤ ਸੀਚੇਵਾਲ ਵੱਲੋਂ ਆਮ ਆਦਮੀ ਕਲੀਨਿਕ ਰੁਪੇਵਾਲੀ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ
ਪੰਜਾਬ ਭਰ ਵਿਚ ਸੂਬਾ ਸਰਕਾਰ ਵੱਲੋਂ ਖੋਲ੍ਹੋ ਜਾ ਰਹੇ 500 ਆਮ ਆਦਮੀ ਕਲੀਨਿਕਾਂ ਵਿੱਚੋਂ ਪਿੰਡ ਰੂਪੇਵਾਲੀ ਦੇ ਕਲੀਨਿਕ ਦਾ ਉਦਘਾਟਨ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋ ਕੀਤਾ ਗਿਆ। ਸੰਤ ਸੀਚੇਵਾਲ ਨੇ ਲੋਕਾਂ ਨੂੰ ਇਹ ਕਲੀਨਿਕ ਸਮਰਪਿਤ ਕਰਦਿਆਂ ਕਿਹਾ ਕਿ ਇਹ ਕਲੀਨਿਕ ਖੁੱਲ੍ਹਣ ਨਾਲ ਹੁਣ ਤੋਂ ਲੋਕਾਂ ਨੂੰ ਸਿੱਖਿਆ ਵਾਂਗ ਸਿਹਤ ਸਹੂਲਤਾਂ ਵੀ ਮੁਫ਼ਤ ਵਿੱਚ ਦਿੱਤੀਆਂ ਜਾਣਗੀਆਂ। ਇਸ ਮੌਕੇ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਵਿੰਦਰਪਾਲ ਸਿੰਘ ਅਤੇ ਹੈਲਥ ਸੁਪਰਵਾਈਜ਼ਰ ਅਮਨਪ੍ਰੀਤ ਅਤੇ ਸਿਹਤ ਵਿਭਾਗ ਦੇ ਹੋਰ ਮੁਲਾਜ਼ਮ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਭੜਕੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਟਵੀਟ ਕਰਕੇ ਕਹੀਆਂ ਵੱਡੀਆਂ ਗੱਲਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News