ਕੋਰੋਨਾ ਕਾਲ ''ਚ ਪੰਜਾਬ ਵਾਸੀਆਂ ਨੂੰ ਸਿਹਤ ਮੰਤਰੀ ਨੇ ਕੀਤੀ ਅਪੀਲ

Thursday, Sep 03, 2020 - 03:44 PM (IST)

ਕੋਰੋਨਾ ਕਾਲ ''ਚ ਪੰਜਾਬ ਵਾਸੀਆਂ ਨੂੰ ਸਿਹਤ ਮੰਤਰੀ ਨੇ ਕੀਤੀ ਅਪੀਲ

ਜਲੰਧਰ/ਚੰਡੀਗੜ੍ਹ (ਧਵਨ, ਸ਼ਰਮਾ) : ਕੋਵਿਡ ਟੈਸਟਿੰਗ ਨੂੰ ਲੈ ਕੇ ਦੇਰ ਕਰਕੇ ਆਪਣੀ ਜ਼ਿੰਦਗੀ ਨੂੰ ਖ਼ਤਰੇ 'ਚ ਨਾ ਪਾਉਣ ਦੀ ਅਪੀਲ ਕਰਦੇ ਹੋਏ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡੀ. ਜੀ. ਪੀ. ਨੂੰ ਕਿਹਾ ਹੈ ਕਿ ਉਹ ਮਹਾਮਾਰੀ ਦੀ ਟੈਸਟਿੰਗ ਅਤੇ ਇਲਾਜ ਨੂੰ ਲੈ ਕੇ ਗਲਤ ਸੂਚਨਾਵਾਂ ਫੈਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ। ਬੀਤੇ ਦਿਨੀਂ ਇਕ ਹੀ ਦਿਨ 'ਚ ਕੋਰੋਨਾ ਵਾਇਰਸ ਨਾਲ 106 ਮੌਤਾਂ ਹੋਣ 'ਤੇ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ ਟੈਸਟਿੰਗ 'ਚ ਦੇਰ ਹੋਣ ਕਾਰਣ ਹੀ ਮੌਤਾਂ ਦੀ ਗਿਣਤੀ ਵਧ ਰਹੀ ਹੈ, ਇਸ ਲਈ ਲੋਕਾਂ ਨੂੰ ਲੱਛਣ ਦਾ ਪਤਾ ਲਗਦਿਆਂ ਹੀ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਹੋਈਆਂ ਮੌਤਾਂ 'ਚੋਂ 67 ਫੀਸਦੀ ਮੌਤਾਂ ਦੇਰ ਨਾਲ ਟੈਸਟ ਕਰਵਾਉਣ ਅਤੇ ਉਸ ਸਮੇਂ ਤੱਕ ਗੰਭੀਰ ਲੱਛਣ ਸਾਹਮਣੇ ਆਉਣ ਕਾਰਣ ਹੋਈਆਂ ਹਨ। ਉਨ੍ਹਾਂ ਕਿਹਾ ਕਿ ਗੰਭੀਰ ਲੱਛਣ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਹੋਰ ਰੋਗ ਜਿਵੇਂ ਸ਼ੂਗਰ, ਹਾਈਪਰਟੈਂਸ਼ਨ, ਦਿਲ ਦੇ ਰੋਗ, ਕਿਡਨੀ ਰੋਗ ਆਦਿ ਦੇ ਕਾਰਣ ਹੋਣ ਵਾਲੀਆਂ ਮੌਤਾਂ ਵੀ ਕੋਰੋਨਾ ਕਾਰਣ ਵਧ ਗਈਆਂ ਹਨ।

ਇਹ ਵੀ ਪੜ੍ਹੋ : ਦੁਕਾਨ ਬੰਦ ਕਰਵਾਉਣ ਲਈ ਏ. ਐੱਸ. ਆਈ ਨੇ ਦੁਕਾਨਦਾਰ 'ਤੇ ਵਰ੍ਹਾਏ ਡੰਡੇ, ਕੀਤਾ ਲਾਈਨ ਹਾਜ਼ਰ

ਉਨ੍ਹਾਂ ਕਿਹਾ ਕਿ ਸੂਬੇ 'ਚ 50 ਫੀਸਦੀ ਕੋਵਿਡ ਮੌਤਾਂ ਸ਼ੂਗਰ ਰੋਗੀਆਂ ਦੀਆਂ ਹੋਈਆਂ ਹਨ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਉਹ ਸੂਬਾ ਸਰਕਾਰ ਨਾਲ ਮਿਲ ਕੇ ਕੋਰੋਨਾ ਮਹਾਮਾਰੀ ਨਾਲ ਲੜਣ 'ਚ ਸਹਿਯੋਗ ਕਰਨ ਕਿਉਂਕਿ ਕੋਰੋਨਾ ਤੋਂ ਬਚਾਅ ਵਾਲੀ ਦਵਾਈ ਨਾ ਆਉਣ ਕਾਰਣ ਅਜੇ ਸਾਡੇ ਕੋਲ ਇਕਲੌਤਾ ਬਦਲ ਸਿਹਤ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕਰਨਾ ਹੀ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਦੇ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਏ। ਸੂਬੇ 'ਚ ਇਕ ਦਿਨ 'ਚ ਕੋਰੋਨਾ ਕਾਰਣ ਰਿਕਾਰਡ ਤੋੜ ਮੌਤਾਂ ਹੋਈਆਂ ਹਨ। ਸੂਬੇ 'ਚ ਬੁੱਧਵਾਰ ਨੂੰ ਕੋਰੋਨਾ ਕਾਰਣ 106 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੰਨਾ ਹੀ ਨਹੀਂ ਇਸ ਦੇ ਨਾਲ ਹੀ 1514 ਨਵੇਂ ਕੋਰੋਨਾ ਦੇ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਕੋਰੋਨਾ ਦੇ ਵੱਡੀ ਗਿਣਤੀ 'ਚ ਵੱਧ ਰਹੇ ਮਾਮਲੇ ਪੰਜਾਬ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਕੋਰੋਨਾ ਦੇ ਕੇਸ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ।

ਇਹ ਵੀ ਪੜ੍ਹੋ :  ਜਲੰਧਰ ਜ਼ਿਲ੍ਹੇ 'ਚ 55 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, 4 ਨੇ ਤੋੜਿਆ ਦਮ


author

Anuradha

Content Editor

Related News