ਸਿਹਤ ਵਿਭਾਗ ਹੜ੍ਹਾਂ ਨਾਲ ਨਜਿੱਠਣ ਲਈ ਤਿਆਰ
Thursday, Aug 03, 2017 - 01:11 AM (IST)
ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਨੇ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲੇ ਦੇ ਸਰਕਾਰੀ ਹਸਪਤਾਲਾਂ 'ਚ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵਿਭਾਗ ਵੱਲੋਂ ਬਲਾਕ ਅਤੇ ਜ਼ਿਲਾ ਪੱਧਰੀ ਹਸਪਤਾਲ ਵਿਚ ਵਿਸ਼ੇਸ਼ ਸਟਾਫ ਦੀ ਤਾਇਨਾਤੀ ਕਰਦਿਆਂ ਲੋੜੀਂਦੀਆਂ ਦਵਾਈਆਂ ਭੇਜ ਦਿੱਤੀਆਂ ਗਈਆਂ ਹਨ। ਸਿਵਲ ਸਰਜਨ ਵੱਲੋਂ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ 24 ਘੰਟੇ ਮੋਬਾਇਲ ਚਾਲੂ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲਾ ਮਲੇਰੀਆ ਅਧਿਕਾਰੀ ਨੂੰ ਵਿਭਾਗ ਵੱਲੋਂ ਕੰਟਰੋਲਰ ਤਾਇਨਾਤ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਜ਼ਿਲਾ ਅੰਮ੍ਰਿਤਸਰ 'ਚ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਵੱਲੋਂ ਬਲਾਕ ਰਮਦਾਸ ਦੇ ਰਾਵੀ ਦਰਿਆ ਵਿਚ ਪੈਂਦੇ ਕਮਾਲਪੁਰ ਇਲਾਕੇ 'ਚ ਬੀ. ਐੱਸ. ਐੱਫ. ਚੈੱਕ ਪੋਸਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਬਰਸਾਤੀ ਮੌਸਮ ਕਾਰਨ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰੀ ਕਰ ਰਿਹਾ ਹੈ। ਰਾਵੀ ਦਰਿਆ ਦੇ ਨੇੜੇ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਪੀ. ਐੱਚ. ਸੀ. ਰਮਦਾਸ ਅਤੇ ਸਿਵਲ ਹਸਪਤਾਲ ਅਜਨਾਲਾ ਵਿਖੇ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚ ਦਵਾਈਆਂ ਦਾ ਸਟਾਕ, ਗੱਡੀ ਡਰਾਈਵਰ ਸਮੇਤ (ਮਰੀਜ਼ਾਂ ਨੂੰ ਸ਼ਿਫਟ ਕਰਨ ਲਈ) ਅਤੇ ਹੋਰ ਲੋੜੀਂਦਾ ਸਾਮਾਨ ਨੇੜਲੇ ਹਸਪਤਾਲਾਂ ਵਿਚ ਮੁਹੱਈਆ ਕਰਵਾਇਆ ਜਾ ਚੁੱਕਾ ਹੈ, ਜੇਕਰ ਅਜਿਹੀ ਸਥਿਤੀ ਬਣਦੀ ਹੈ ਤਾਂ ਉਸ ਦਾ ਪੂਰੀ ਲਗਨ ਨਾਲ ਸਹੀ ਤਰੀਕੇ ਨਾਲ ਸਾਹਮਣਾ ਕੀਤਾ ਜਾਵੇਗਾ।
ਡਾ. ਜੌਹਲ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨੰਬਰ ਪ੍ਰਸ਼ਾਸਨ ਅਤੇ ਪਿੰਡਾਂ ਵਾਲਿਆਂ ਨੂੰ ਮੁਹੱਈਆ ਕਰਵਾ ਦਿੱਤੇ ਗਏ ਹਨ। ਅਧਿਕਾਰੀਆਂ ਨੂੰ 24 ਘੰਟੇ ਫੋਨ ਚਾਲੂ ਰੱਖÎਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲਾ ਐਪੀਡੀਮੋਲੋਜਿਸਟ ਡਾ. ਮਦਨ ਮੋਹਨ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਡੇਂਗੂ ਆਦਿ ਤੋਂ ਬਚਣ ਲਈ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ ਹਨ ਅਤੇ ਲੋਕਾਂ ਨੂੰ ਇਸ ਮੌਸਮ ਵਿਚ ਪੂਰੀਆਂ ਬਾਹਾਂ ਦੇ ਕੱਪੜੇ, ਨੈੱਟ ਦੀ ਵਰਤੋਂ ਆਦਿ ਬਾਰੇ ਦੱਸਿਆ ਗਿਆ ਹੈ।
