ਆਈਸਕ੍ਰੀਮ ਦੀਆਂ 3 ਫੈਕਟਰੀਆਂ ਵਿਚ ਸਿਹਤ ਵਿਭਾਗ ਦਾ ਛਾਪਾ

Tuesday, Apr 17, 2018 - 03:58 AM (IST)

ਅੰਮ੍ਰਿਤਸਰ,   (ਦਲਜੀਤ)-  ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਸ਼ਹਿਰ ਵਿਚ ਆਈਸਕ੍ਰੀਮ ਵੇਚਣ ਲਈ ਵੱਖ-ਵੱਖ ਫੈਕਟਰੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ 4 ਮਹੀਨੇ ਚੱਲਣ ਦੇ ਬਾਅਦ ਆਈਸਕ੍ਰੀਮ ਬਣਾਉਣਾ ਬੰਦ ਕਰ ਦਿੰਦੀਆਂ ਹਨ ਜਿਸ ਕਾਰਨ ਇਹ ਫੈਕਟਰੀਆਂ ਲਾਇਸੰਸ ਨਹੀਂ ਲੈਂਦੀਆਂ।
ਇਸ ਤਹਿਤ ਅੱਜ ਜ਼ਿਲਾ ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ ਨਾਲ ਫੂਡ ਸੇਫਟੀ ਐਕਟ ਅਧਿਕਾਰੀ ਜਤਿੰਦਰ ਸਿੰਘ ਵਿਰਕ ਅਤੇ ਟੀਮ ਨੇ ਜ਼ਿਲੇ ਵਿਚ  ਆਈਸਕ੍ਰੀਮ ਦੀਆਂ 3 ਫੈਕਟਰੀਆਂ ਅਤੇ ਵੱਖ-ਵੱਖ ਕੰਪਨੀਆਂ ਦੀ ਆਈਸਕ੍ਰੀਮ ਏਜੰਸੀ 'ਤੇ ਛਾਪਾਮਾਰੀ ਕਰ ਕੇ 11 ਸੈਂਪਲ ਸੀਲ ਕੀਤੇ ਅਤੇ 2 ਸਵੀਟ ਸ਼ਾਪ 'ਤੇ ਛਾਪਾਮਾਰੀ ਕਰ ਕੇ 6 ਤਰ੍ਹਾਂ ਦੀਆਂ ਮਠਿਆਈਆਂ ਦੇ ਸੈਂਪਲ ਲਏ। 
ਇਨ੍ਹਾਂ ਵਿਚ ਰਿਮਝਿਮ ਆਈਸ ਫੈਕਟਰੀ ਨਜ਼ਦੀਕ ਖਾਲਸਾ ਕਾਲਜ ਤੋਂ 3 ਵੱਖ-ਵੱਖ ਤਰ੍ਹਾਂ ਦੀ ਆਈਸਕ੍ਰੀਮ ਅਤੇ 3 ਕੁਲਫੀਆਂ ਦੇ ਸੈਂਪਲ, ਕਾਰਤਿਕ ਆਈਸਕ੍ਰੀਮ ਫੈਕਟਰੀ ਨਾਰਾਇਣਗੜ੍ਹ ਤੋਂ 2 ਤਰ੍ਹਾਂ ਦੀ ਆਈਸਕ੍ਰੀਮ, ਟਿਪਟਾਪ ਆਈਸਕ੍ਰੀਮ ਫੈਕਟਰੀ ਖੰਡਵਾਲਾ ਤੋਂ 1 ਕੁਲਫੀ ਤੇ ਨਾਰੰਗ ਏਜੈਂਸੀ ਤੋਂ 2 ਤਰ੍ਹਾਂ ਦੀਆਂ ਕੁਲਫੀਆਂ ਅਤੇ 1 ਆਈਸਕ੍ਰੀਮ ਦੇ ਸੈਂਪਲ ਲਏ। ਇਸ ਟੀਮ ਨੇ ਛੇਹਰਟਾ ਸਥਿਤ ਅਮਰਦਾਸ ਸਵੀਟ ਸ਼ਾਪ ਵੱਲੋਂ ਮਿਲਕ ਕੇਕ, ਖੋਆ ਬਰਫੀ ਅਤੇ ਦੇਸੀ ਘਿਓ ਅਤੇ ਨਿਊ ਕਰਨਵੀਰ ਸਵੀਟ ਸ਼ਾਪ ਤੋਂ ਮੋਤੀ ਚੂਰ ਦੇ ਲੱਡੂ, ਗੁਲਾਬ ਜਾਮਣ ਅਤੇ ਦੇਸੀ ਘਿਓ ਦੇ ਸੈਂਪਲ ਲਏ।  
ਇਸ ਸਬੰਧ ਵਿਚ ਜ਼ਿਲਾ ਸਿਹਤ ਅਧਿਕਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਫੈਕਟਰੀਆਂ ਦੇ ਕੋਲ ਕੋਈ ਵੀ ਲਾਇਸੰਸ ਨਹੀਂ ਸੀ ਅਤੇ ਨਾ ਇਨ੍ਹਾਂ ਫੈਕਟਰੀਆਂ ਦੇ ਕੰਮ ਕਰਨ ਵਾਲੇ ਕਾਰੀਗਰਾਂ ਦੀ ਡਾਕਟਰੀ ਜਾਂਚ ਹੋਈ ਸੀ ਅਤੇ ਉਕਤ ਤਿੰਨਾਂ ਫੈਕਟਰੀਆਂ ਵਿਚ ਗੰਦਗੀ ਦੀ ਭਰਮਾਰ ਪਾਈ ਸੀ। ਇਨ੍ਹਾਂ ਵਿਚ ਕਾਰਪੋਰੇਸ਼ਨ ਦਾ ਪਾਣੀ ਇਸਤੇਮਾਲ ਕੀਤਾ ਜਾ ਰਿਹਾ ਸੀ ।  ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਫੈਕਟਰੀਆਂ ਨੂੰ ਸਾਫ਼-ਸਫਾਈ ਦਾ ਨੋਟਿਸ ਵੀ ਜਾਰੀ ਕੀਤਾ ਜਾਵੇਗਾ।  ਫੂਡ ਸੇਫਟੀ ਐਕਟ ਅਧਿਕਾਰੀ ਜਤਿੰਦਰ ਵਿਰਕ ਨੇ ਦੱਸਿਆ ਕਿ ਸਭ ਸੈਂਪਲ ਸੀਲ ਕਰ ਕੇ ਜਾਂਚ ਲਈ ਚੰਡੀਗੜ੍ਹ ਭੇਜ ਦਿੱਤੇ ਗਏ ਹਨ ਜਿਸ ਦੇ ਸੈਂਪਲਾਂ ਵਿਚ ਕਮੀ ਪਾਈ ਜਾਵੇਗੀ ਉਨ੍ਹਾਂ ਦੇ ਖਿਲਾਫ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਇਸੇ ਤਰ੍ਹਾਂ ਸ਼ਹਿਰ ਵਿਚ ਲੋਕਾਂ ਨੂੰ ਆਪਣੇ ਘਰਾਂ ਵਿਚ ਪ੍ਰਯੋਗ ਹੋਣ ਵਾਲੇ ਖਾਣ ਵਾਲੇ ਪਦਾਰਥਾਂ ਦੀ ਆਪਣੇ ਤੌਰ 'ਤੇ ਜਾਂਚ ਕਰਵਾਉਣ ਲਈ ਚਲਾਈ ਫੂਡ ਟੈਸਟਿੰਗ ਵੈਨ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਇਲਾਕੇ ਗਰੀਨ ਫੀਲਡ ਅਤੇ ਡਾਇਮੰਡ ਐਵੀਨਿਊ ਨੇ ਦੁੱਧ, ਦਹੀ, ਪਨੀਰ, ਪਾਣੀ ਅਤੇ ਮਸਾਲੇ ਆਦਿ ਦੇ 42 ਸੈਂਪਲ ਲਏ। ਫੂਡ ਸੇਫਟੀ ਐਕਟ ਅਧਿਕਾਰੀ ਰਜਨੀ ਨੇ ਦੱਸਿਆ ਕਿ ਉਕਤ ਇਲਾਕਿਆਂ ਵਿਚ ਪਾਣੀ ਵਿਚ ਟੀ.ਡੀ.ਐੱਸ. ਦੀ ਮਾਤਰਾ ਘੱਟ ਪਾਈ ਗਈ ਹੈ ਅਤੇ ਕੁਝ ਘਰਾਂ ਵਿਚ ਲਿਆਂਦੇ ਗਏ ਦੁੱਧ ਵਿਚ ਫੈਟ ਦੀ ਮਾਤਰਾ ਘੱਟ ਪਾਈ ਗਈ ਹੈ ਜਿਸ 'ਤੇ ਲੋਕਾਂ ਨੂੰ ਅਪੀਲ ਕੀਤੀ ਗਈ। 


Related News