ਸਿਹਤ ਵਿਭਾਗ ''ਚ ਭਰੀਆਂ 4000 ਆਸਾਮੀਆਂ

12/18/2019 1:23:02 AM

ਫਾਜ਼ਿਲਕਾ,(ਨਾਗਪਾਲ, ਲੀਲਾਧਰ): ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਤੱਕ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਭਾਗ 'ਚ ਪਿਛਲੇ ਕੁਝ ਸਮੇਂ 'ਚ 4000 ਵੱਖ-ਵੱਖ ਆਸਾਮੀਆਂ ਭਰੀਆਂ ਗਈਆਂ ਹਨ। ਅੱਜ ਇਥੇ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਤੋਂ ਬਾਅਦ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 38 ਲੱਖ ਕਾਰਡ ਬਣਾਏ ਜਾ ਚੁੱਕੇ ਹਨ ਅਤੇ ਹੁਣ ਤੱਕ 82 ਹਜ਼ਾਰ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਦੂਰ-ਦੁਰਾਡੇ ਦੇ ਲੋਕਾਂ ਤੱਕ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੈੱਲਨੈੱਸ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ। ਸੂਬੇ 'ਚ ਬਣਨ ਵਾਲੇ ਅਜਿਹੇ 2950 ਵੈੱਲਨੈੱਸ ਕਲੀਨਿਕਾਂ 'ਚ 913 ਕਮਿਊਨਿਟੀ ਹੈਲਥ ਅਫਸਰਾਂ ਦੀ ਤਾਇਨਾਤੀ ਵੀ ਕਰ ਦਿੱਤੀ ਗਈ ਹੈ।

ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ
ਸਿਹਤ ਮੰਤਰੀ ਨੇ ਦੱਸਿਆ ਕਿ ਉਹ ਹਰ ਮਹੀਨੇ ਜ਼ਿਲੇ ਦਾ ਦੌਰਾ ਕਰ ਕੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ ਕਰਨ ਤੋਂ ਇਲਾਵਾ ਜ਼ਿਲੇ ਦੇ ਵਿਕਾਸ ਕੰਮਾਂ ਸਬੰਧੀ ਜਾਣਕਾਰੀ ਲੈਂਦੇ ਹਨ। ਇਸ ਤੋਂ ਪਹਿਲਾਂ ਸ਼ਿਕਾਇਤ ਨਿਵਾਰਣ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਸਿੱਧੂ ਨੇ ਦੱਸਿਆ ਕਿ ਜ਼ਿਲੇ ਵਿਚ ਲੇਬਰ ਵਿਭਾਗ ਨਾਲ ਸਬੰਧਤ ਉਸਾਰੀ ਕਿਰਤੀਆਂ ਦੇ 21 ਹਜ਼ਾਰ ਤੋਂ ਵੱਧ ਕਾਰਡ ਬਣੇ ਹੋਏ ਹਨ। ਵਿਭਾਗ ਵੱਲੋਂ ਹੋਰ ਯੋਗ ਲੋਕਾਂ ਦੇ ਕਾਰਡ ਬਣਾਉਣ ਲਈ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅਬੋਹਰ ਅਤੇ ਬੱਲੂਆਣਾ ਹਲਕਿਆਂ ਵਿਚ 30 ਨਵੇਂ ਵਾਟਰ ਵਰਕਸ ਬਣਾਉਣ ਦਾ ਕੇਸ ਵੀ ਵਿਸ਼ਵ ਬੈਂਕ ਨੂੰ ਭੇਜਿਆ ਗਿਆ ਹੈ, ਜਦਕਿ ਸਯੱਦਵਾਲਾ ਕੋਲ ਅਬੋਹਰ ਗੰਗਾਨਗਰ ਰੇਲ ਲਿੰਕ ਅਤੇ ਅੰਡਰ ਬ੍ਰਿਜ ਬਣਾਏ ਜਾਣ ਬਾਰੇ ਵੀ ਜਾਣਕਾਰੀ ਦਿੱਤੀ।


Related News