ਵਿਦਿਆਰਥੀ ਦੀ ਮੌਤ ਦਾ ਕਾਰਨ ਬਣੇ ਹੈੱਡਫ਼ੋਨ! ਖੇਤ ''ਚੋਂ ਚਾਰਾ ਕੱਟਦੇ ਨੂੰ ਮੌਤ ਨੇ ਪਾ ਲਿਆ ਘੇਰਾ
Thursday, Jun 22, 2023 - 05:33 AM (IST)
ਫਾਜ਼ਿਲਕਾ (ਨਾਗਪਾਲ)– ਇੱਥੋਂ ਕਰੀਬ 18 ਕਿਲੋਮੀਟਰ ਦੂਰ ਪਿੰਡ ਚੱਕਪੱਖੀ ਰੇਲਵੇ ਸਟੇਸ਼ਨ ਨੇਡ਼ੇ ਫਾਜ਼ਿਲਕਾ-ਬਠਿੰਡਾ ਰੇਲਵੇ ਲਾਈਨ ’ਤੇ ਬੁੱਧਵਾਰ ਸਵੇਰੇ ਇਕ ਵਿਦਿਆਰਥੀ ਦੀ ਮੌਤ ਹੋ ਗਈ। ਰੇਲਵੇ ਪੁਲਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 17 ਸਾਲਾ ਆਸ਼ੂ ਕੰਬੋਜ ਵਾਸੀ ਪਿੰਡ ਚਿਮਨੇਵਾਲਾ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਵਾਸ਼ਿੰਗਟਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਜੋਅ ਬਾਈਡੇਨ ਨਾਲ ਕਰਨਗੇ ਮੁਲਾਕਾਤ
ਰੇਲਵੇ ਪੁਲਸ ਦੇ ਏ. ਐੱਸ. ਆਈ. ਭਜਨ ਲਾਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਆਸ਼ੂ ਕੰਬੋਜ ਸਵੇਰੇ ਕਰੀਬ 7.30 ਵਜੇ ਪਿੰਡ ਚੱਕ ਪੱਖੀ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਆਪਣੇ ਖੇਤ ’ਚ ਹਰਾ ਚਾਰਾ ਕੱਟ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਆਪਣੇ ਕੰਨਾਂ ’ਤੇ ਹੈੱਡਫੋਨ ਲਗਾਏ ਹੋਏ ਸਨ। ਉਹ ਕੰਮ ਕਰਦੇ ਹੋਏ ਰੇਲਵੇ ਲਾਈਨ ਨੇੜੇ ਜਾ ਰਿਹਾ ਸੀ ਕਿ ਬਠਿੰਡਾ ਵਾਲੇ ਪਾਸੇ ਤੋਂ ਇੱਕ ਖਾਲੀ ਟਰੇਨ ਦਾ ਇੰਜਣ ਫਾਜ਼ਿਲਕਾ ਲਈ ਜਾ ਰਿਹਾ ਸੀ, ਜਿਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮਨਕੀਰਤ ਔਲਖ, ਪੁੱਤਰ ਸਣੇ ਲਿਆ ਅਸ਼ੀਰਵਾਦ
ਆਸ਼ੂ ਕੰਬੋਜ ਫਾਜ਼ਿਲਕਾ ਦੇ ਡੀ. ਏ. ਵੀ. ਸ਼ਤਾਬਦੀ ਸਕੂਲ ਦੀ 11ਵੀਂ ਜਮਾਤ ਦਾ ਵਿਦਿਆਰਥੀ ਸੀ। ਭਜਨ ਲਾਲ ਨੇ ਦੱਸਿਆ ਕਿ ਫਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਪਾਵਰ ਇੰਜਨ ਦੇ ਆਉਣ ’ਤੇ ਉਸਨੇ ਇਸ ਦੀ ਸੂਚਨਾ ਸਟੇਸ਼ਨ ਅਧਿਕਾਰੀਆਂ ਨੂੰ ਦਿੱਤੀ ਅਤੇ ਸਵੇਰੇ 8.15 ਵਜੇ ਦੇ ਕਰੀਬ ਫਾਜ਼ਿਲਕਾ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਹਾਦਸੇ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ, ਜਿਸ ਮਗਰੋਂ ਉਨ੍ਹਾਂ ਕਾਰਵਾਈ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।