ਹਰਸਿਮਰਤ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣਾ ਬਾਦਲ ਪਰਿਵਾਰ ਦਾ ਇਕ ਹੋਰ ਡਰਾਮਾ: ਕੈਪਟਨ
Thursday, Sep 17, 2020 - 11:54 PM (IST)
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਕੈਬਨਿਟ ਵਿੱਚੋਂ ਦਿੱਤੇ ਅਸਤੀਫੇ ਨੂੰ ਅਕਾਲੀ ਦਲ ਵੱਲੋਂ ਇਕ ਤੋਂ ਬਾਅਦ ਇਕ ਰਚੇ ਜਾ ਰਹੇ ਡਰਾਮਿਆਂ ਦੀ ਇਕ ਹੋਰ ਨੌਟੰਕੀ ਦੱਸਿਆ। ਉਨ੍ਹਾਂ ਕਿਹਾ ਕਿ ਖੇਤੀਬਾੜੀ ਬਿੱਲਾਂ 'ਤੇ ਕੇਂਦਰ ਸਰਕਾਰ ਵੱਲੋਂ ਅਕਾਲੀਆਂ ਦੇ ਮੂੰਹ ’ਤੇ ਤਮਾਚਾ ਮਾਰਨ ਦੇ ਬਾਵਜੂਦ ਅਕਾਲੀ ਦਲ ਨੇ ਹਾਲੇ ਤੱਕ ਸੱਤਾਧਾਰੀ ਗਠਜੋੜ ਨਾਲੋਂ ਨਾਤਾ ਨਹੀਂ ਤੋੜਿਆ।
ਅਕਾਲੀ ਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਕੇਂਦਰ ਸਰਕਾਰ ਦਾ ਹਿੱਸਾ ਬਣੇ ਰਹਿਣ ਦੇ ਫੈਸਲੇ ਉਤੇ ਸਵਾਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਦਾ ਅਸਤੀਫਾ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਦੇ ਢਕਵੰਜ ਤੋਂ ਵੱਧ ਹੋਰ ਕੁੱਝ ਨਹੀਂ। ਉਨਾਂ ਕਿਹਾ, ‘‘ਪਰ ਉਹ (ਅਕਾਲੀ ਦਲ) ਕਿਸਾਨ ਜਥੇਬੰਦੀਆਂ ਨੂੰ ਗੁੰਮਰਾਹ ਕਰਨ ਵਿੱਚ ਸਫਲ ਨਹੀਂ ਹੋਣਗੇ।’’ ਉਨਾਂ ਇਸ ਕਾਰਵਾਈ ਨੂੰ ਨਾਕਾਫੀ ਤੇ ਬਹੁਤ ਦੇਰ ਨਾਲ ਚੁੱਕਿਆ ਕਦਮ ਦੱਸਿਆ।
ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਦਾ ਕੇਂਦਰੀ ਕੈਬਨਿਟ ਵਿੱਚੋਂ ਅਸਤੀਫਾ ਬਹੁਤ ਦੇਰੀ ਨਾਲ ਲਿਆ ਫੈਸਲਾ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਕਿਸੇ ਕਿਸਮ ਦੀ ਮੱਦਦ ਨਹੀਂ ਹੋਣੀ। ਉਨਾਂ ਕਿਹਾ ਕਿ ਜੇ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਸਟੈਂਡ ਲਿਆ ਹੁੰਦਾ ਅਤੇ ਇਨਾਂ ਆਰਡੀਨੈਂਸਾਂ ਵਿਰੁੱਧ ਸੂਬਾ ਸਰਕਾਰ ਦਾ ਸਮਰਥਨ ਕੀਤਾ ਹੁੰਦਾ ਤਾਂ ਸ਼ਾਇਦ ਇਹ ਬਿੱਲ ਪਾਸ ਹੋਣ ਦੇ ਹਾਲਾਤ ਪੈਦਾ ਨਾ ਹੁੰਦੇ ਅਤੇ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਲਿਆਉਣ ਅਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਸੰਸਦ ਵਿੱਚ ਰੱਖਣ ਤੋਂ ਪਹਿਲਾਂ 10 ਵਾਰ ਸੋਚਣਾ ਪੈਂਦਾ।
ਮੁੱਖ ਮੰਤਰੀ ਨੇ ਕਿਹਾ ਕਿ ਹਾਲੇ ਵੀ ਅਕਾਲੀ ਦਲ ਦਾ ਕੇਂਦਰੀ ਕੈਬਨਿਟ ਵਿੱਚੋਂ ਆਪਣੀ ਇਕਲੌਤੀ ਮੰਤਰੀ ਦਾ ਅਸਤੀਫਾ ਦਿਵਾਉਣ ਦੇ ਫੈਸਲਾ ਦਾ ਕਿਸਾਨਾਂ ਨਾਲ ਕੋਈ ਸਰੋਕਾਰ ਨਹੀਂ ਸਗੋਂ ਆਪਣੀ ਸਿਆਸੀ ਭਵਿੱਖ ਬਚਾਉਣ ਅਤੇ ਬਾਦਲਾਂ ਦੇ ਠੁੱਸ ਹੋ ਚੁੱਕੇ ਰਾਜਸੀ ਕਰੀਅਰ ਨੂੰ ਬਚਾਉਣ ਦੀ ਕਵਾਇਦ ਹੈ ਜਿਨਾਂ ਦੀ ਸ਼ਾਖ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਪੂਰੀ ਤਰਾਂ ਡਿੱਗ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨਾਂ ਘਾਤਕ ਖੇਤੀਬਾੜੀ ਆਰਡੀਨੈਂਸਾਂ ਖਿਲਾਫ ਮੈਦਾਨ ਵਿੱਚ ਨਿੱਤਰੇ ਕਿਸਾਨਾਂ ਦਾ ਰੋਸ ਅਤੇ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਦਾ ਦਬਾਅ ਹੀ ਸੀ ਜਿਨਾਂ ਨੇ ਬਾਦਲਾਂ ਨੂੰ ਆਪਣੇ ਪਹਿਲੇ ਸਟੈਂਡ ਤੋਂ ਪਲਟਣ ਲਈ ਮਜਬੂਰ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ, ‘‘ਕੀ ਸੁਖਬੀਰ ਤੇ ਹਰਸਿਮਰਤ ਅਤੇ ਉਨਾਂ ਦੀ ਜੁੰਡਲੀ ਨੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਇਹ ਕਾਨੂੰਨ ਪੰਜਾਬ ਦੀ ਖੇਤੀ ਅਤੇ ਅਰਥਚਾਰੇ ਤੱਕ ਕਿਸ ਹੱਦ ਤੱਕ ਨੁਕਸਾਨ ਪਹੁੰਚਾ ਦੇਣਗੇ। ਸੱਤਾ ਦੀ ਲਾਲਸਾ ਵਿੱਚ ਉਹ ਇੰਨੇ ਅੰਨੇ ਹੋ ਗਏ ਕਿ ਉਨਾਂ ਨੇ ਇਨਾਂ ਆਰਡੀਨੈਂਸਾਂ ਦੇ ਖਤਰਿਆਂ ਤੋਂ ਜਾਣਬੁੱਝ ਕੇ ਅੱਖਾਂ ਮੀਚ ਲਈਆਂ।’’
ਕੈਪਟਨ ਅਮਰਿੰਦਰ ਸਿੰਘ ਨੇ ਵਿਅੰਗ ਕਰਦਿਆਂ ਕਿਹਾ ਕਿ ਹੁਣ ਇਨਾਂ ਦੀ ਗਿਣੀਮਿੱਥੀ ਖੇਡ ਪੂਰੀ ਤਰਾਂ ਜੱਗ ਜ਼ਾਹਰ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਆਪਣਾ ਵੋਟ ਬੈਂਕ ਬਚਾਉਣ ਲਈ ਖੇਤੀ ਬਿੱਲਾਂ ਵਿਰੁੱਧ ਜਨਤਕ ਸਟੈਂਡ ਲੈਣ ਤੋਂ ਬਿਨਾਂ ਅਕਾਲੀਆਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਪਹਿਲਾਂ ਵੀ ਰੱਦ ਕੀਤਾ ਅਤੇ ਮੁੜ ਵੀ ਉਨਾਂ ਨੂੰ ਰੱਦ ਕਰਨਗੇ।