ਇਸ ਸੀਟ ਤੋਂ ਚੋਣ ਲਡ਼ਨ ਨੂੰ ਤਰਜ਼ੀਹ ਦੇ ਰਹੇ ਹਨ ‘ਬੀਬੀ ਬਾਦਲ’
Thursday, Jan 03, 2019 - 12:50 PM (IST)
ਬਠਿੰਡਾ (ਵਰਮਾ)— ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਪੱਸ਼ਟ ਕੀਤਾ ਕਿ ਉੁਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਤੋਂ ਹੀ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਕਿਤੇ ਹੋਰ ਭੇਜਿਆ ਤਾਂ ਉਸ ਲਈ ਵੀ ਉਹ ਤਿਆਰ ਹਨ ਪਰ ਉਨ੍ਹਾਂ ਦੀ ਪਹਿਲ ਬਠਿੰਡਾ ਹੋਵੇਗੀ, ਇਸ ਲਈ ਬਠਿੰਡਾ ਤੋਂ ਉਨ੍ਹਾਂ ਦਾ ਚੋਣ ਲੜਨਾ ਤੈਅ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ 10 ਸਾਲ ਪਹਿਲਾਂ ਰਾਜਨੀਤੀ ਵਿਚ ਨਹੀਂ ਸੀ ਤਾਂ ਉਨ੍ਹਾਂ ਦਾ ਕੋਈ ਵੀ ਦੁਸ਼ਮਣ ਨਹੀਂ ਸੀ ਪਰ ਜਿਵੇਂ ਹੀ ਉਹ ਦੋ ਵਾਰ ਸੰਸਦ ਮੈਂਬਰ ਬਣੀ ਤਾਂ ਉਨ੍ਹਾਂ ਦੇ ਕਈ ਦੁਸ਼ਮਣ ਬਣ ਗਏ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਨਾਲ ਅੱਜ ਵੀ ਉਨ੍ਹਾਂ ਦੀ ਸਿਆਸੀ ਜੰਗ ਜਾਰੀ ਹੈ ਤੇ ਚੋਣ ਦੌਰਾਨ ਉਹ ਰਾਜਨੀਤਿਕ ਲੜਾਈ ਦੀ ਤਰ੍ਹਾਂ ਪੇਸ਼ ਆਉਂਦੇ ਹਨ।
ਕਰਤਾਰਪੁਰ ਕਾਰੀਡੋਰ ਸਬੰਧੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਲਤ ਬਿਆਨਬਾਜ਼ੀ ਕਰਕੇ ਸਿੱਖ ਸਮੁਦਾਇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਪਾਕਿਸਤਾਨ ਨਾਲ ਕਾਰੀਡੋਰ ਦਾ ਮੁੱਦਾ ਬਹੁਤ ਪਹਿਲਾਂ ਤੋਂ ਚਲਦਾ ਆ ਰਿਹਾ ਸੀ, ਇਸ 'ਚ ਕਾਂਗਰਸ ਨੂੰ ਕੋਈ ਸਿਹਰਾ ਲੈਣ ਦੀ ਜ਼ਰੂਰਤ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਦੀ ਕੋਸ਼ਿਸ਼ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੋਇਆ ਤੇ ਸਿੱਖ ਸ਼ਰਧਾਲੂਆਂ ਲਈ ਇਹ ਰਸਤਾ ਖੁੱਲ੍ਹਿਆ।