ਕਿਸਾਨਾਂ ਦੀਆਂ ਖੁਦਕੁਸ਼ੀਆਂ ਇਕ ਵੱਡੀ ਸਮੱਸਿਆ : ਹਰਸਿਮਰਤ ਬਾਦਲ

Wednesday, Oct 04, 2017 - 02:55 AM (IST)

ਕਿਸਾਨਾਂ ਦੀਆਂ ਖੁਦਕੁਸ਼ੀਆਂ ਇਕ ਵੱਡੀ ਸਮੱਸਿਆ : ਹਰਸਿਮਰਤ ਬਾਦਲ

ਬਠਿੰਡਾ(ਵਰਮਾ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਇਕ ਵੱਡੀ ਸਮੱਸਿਆ ਹੈ, ਜਿਸ ਨਾਲ ਨਿਪਟਣ ਲਈ ਕੇਂਦਰ ਸਰਕਾਰ ਵੱਲੋਂ ਲਗਾਤਾਰ ਨਵੀਆਂ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ ਤਾਂ ਜੋ ਕਿਸਾਨਾਂ ਨੂੰ ਫਾਇਦਾ ਮਿਲ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੱਖਾਂ ਟਨ ਖਾਦ ਖਰਾਬ ਹੋ ਜਾਂਦੀ ਹੈ, ਇਸ ਨੂੰ ਵੀ ਬਚਾਉਣ ਲਈ ਸਰਕਾਰ ਨਵੇਂ ਪ੍ਰੋਜੈਕਟ ਲੈ ਕੇ ਆ ਰਹੀ ਹੈ। ਬੀਬੀ ਬਾਦਲ ਨੇ ਕਿਹਾ ਕਿ 2020 ਤੱਕ ਫੂਡ ਪ੍ਰੋਸੈਸਿੰਗ ਸੈਕਟਰ ਦਾ ਤਿੰਨ ਗੁਣਾ ਵਿਸਥਾਰ ਕੀਤਾ ਜਾਵੇਗਾ। ਸਾਡਾ ਦੇਸ਼ ਵਰਲਡ ਫੂਡ ਇੰਡੀਆ 2017 ਵਿਚ ਕਿਸਾਨਾਂ ਨੂੰ ਭਾਰਤੀ ਖੇਤੀ ਦੀ ਮਜ਼ਬੂਤੀ ਦਾ ਪ੍ਰਦਰਸ਼ਨ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਸ ਦਿਸ਼ਾ ਵਿਚ ਸਰਕਾਰ ਵੱਲੋਂ ਵਧੇਰੇ ਕਦਮ ਚੁੱਕੇ ਗਏ ਹਨ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਨੂੰ ਕੁਦਰਤੀ ਮੁਸੀਬਤਾਂ ਤੋਂ ਹੋਣ ਵਾਲੀ ਤਬਾਹੀ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਤੇ ਨੌਜਵਾਨਾਂ ਲਈ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਸੂਬੇ ਵਿਚ ਹਰ ਰੋਜ਼ ਕਿਸਾਨ ਖੁਦਕੁਸ਼ੀ ਕਰ ਰਹੇ ਹਨ ਪਰ ਸਰਕਾਰ ਅੱਜ ਤੱਕ ਕੋਈ ਉਚਿਤ ਫੈਸਲਾ ਨਹੀਂ ਲੈ ਸਕੀ। ਇਸ ਮੌਕੇ ਸਾਬਕਾ ਮੰਤਰੀ ਸਰੂਪ ਚੰਦ ਸਿੰਗਲਾ, ਨਗਰ ਨਿਗਮ ਮੇਅਰ ਬਲਵੰਤ ਰਾਏ ਨਾਥ, ਸਾਬਕਾ ਮੇਅਰ ਬਲਜੀਤ ਸਿੰਘ ਬੀੜਬਹਿਮਣ, ਸੁਧੀਰ ਬਾਂਸਲ, ਐੱਸ. ਜੀ. ਪੀ. ਸੀ. ਮੈਂਬਰ ਜਗੀਰ ਕੌਰ, ਅਮਰੀਕ ਸਿੰਘ, ਸੁਖਬੀਰ ਸਿੰਘ ਜੱਸੀ, ਅੰਗਰੇਜ਼ ਸਿੰਘ, ਹਰਪਾਲ ਸਿੰਘ, ਗੁਰਵਿੰਦਰ ਸਿੰਘ, ਮੋਹਨਜੀਤ ਸਿੰਘ ਪੁਰੀ, ਰਾਜੂ ਸਰਾਂ ਤੇ ਸੰਦੀਪ ਲਾਡੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।


Related News