ਸ਼ਬਦ ਦੀਆਂ ਪੰਗਤੀਆਂ ਬੋਲਦੇ ਹੋਏ ਹਰਸਿਮਰਤ ਨੇ ਲੋਕਾਂ ਨੂੰ ਕੀਤਾ ਸੰਬੋਧਨ

12/23/2019 5:54:31 PM

ਬਠਿੰਡਾ (ਬਿਊਰੋ) - ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਡੱਬਵਾਲੀ ਰੋਡ ’ਤੇ ਸਥਿਤ 925 ਕਰੋਡ਼ ਦੀ ਲਾਗਤ ਨਾਲ ਤਿਆਰ ਹੋ ਰਹੇ ਏਮਜ਼ ਹਸਪਤਾਲ ਬਠਿੰਡਾ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਪਹਿਲਾਂ ਏਮਜ਼ ਹਸਪਤਾਲ ਵਿਖੇ ਰੱਖੇ ਗਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਏਮਜ਼ ਦੇ ਸ਼ੁਰੂ ਹੋਣ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਅਹਿਮ ਘਟਨਾ ਕਰਾਰ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸੇ ਵੀ ਐੱਮ.ਪੀ. ਦੇ ਇਲਾਕੇ ’ਚ ਅਜਿਹਾ ਇੰਸਟੀਚਿਊਟ ਬਣਨ ਦਾ ਸੁਪਨਾ ਸਿਰਫ ਅਕਾਲ ਪੁਰਖ ਦੀ ਸੱਚੀ ਬਖਸ਼ਿਸ਼ ਕਰਕੇ ਹੀ ਪੂਰਾ ਹੁੰਦਾ ਹੈ।ਹੁਣ ਕੈਂਸਰ ਅਤੇ ਹੈਪੇਟਾਈਟਸ ਵਰਗੀਆਂ ਨਾ-ਮੁਰਾਦ ਬੀਮਾਰੀਆਂ ਹੋਣ ਤੇ ਪੰਜਾਬੀਆਂ ਨੂੰ ਉੱਤਮ ਕਿਸਮ ਦੀਆਂ ਸਹੂਲਤਾਂ ਮਿਲਣਾ ਅਤੇ ਉੱਚ-ਪਾਏ ਦਾ ਇਲਾਜ ਹੋਣਾ ਯਕੀਨੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਏਮਜ਼ ਬਠਿੰਡਾ ਬਣਨ ਨਾਲ ਮਰੀਜ਼ਾਂ ਨੂੰ ਇਲਾਜ ਲਈ ਬੀਕਾਨੇਰ ਲੈ ਕੇ ਜਾਣ ਵਾਲੀ ਕੈਂਸਰ ਐਕਸਪ੍ਰੈਸ ਜਲਦੀ ਹੀ ਬੀਤੇ ਸਮੇਂ ਦੀ ਗੱਲ ਬਣ ਜਾਵੇਗੀ।

PunjabKesari

ਉਨ੍ਹਾਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਇਸ ਇੰਸਟੀਚਿਊਟ ਦਾ ਬੀਜ ਬੀਜਿਆ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਲ ਪੋਸ ਕੇ ਵੱਡਾ ਕੀਤਾ ਹੈ, ਜਿਸ ਲਈ ਉਹ ਸਾਰਿਆਂ ਦੇ ਦਿਲੋਂ ਸ਼ੁਕਰਗੁਜ਼ਾਰ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਇੰਸਟੀਚਿਊਟ ਨੂੰ ਦੇਸ਼ ਦਾ ਪਹਿਲਾਂ ਏਮਜ਼ ਬਣਾਉਣ ਲਈ ਲੋੜ੍ਹੀਦੀਆਂ ਪ੍ਰਵਾਨਗੀਆਂ ਲੈਣ ਲਈ ਬਹੁਤ ਭੱਜ-ਦੌੜ ਕੀਤੀ ਸੀ। ਉਨ੍ਹਾਂ ਇਸ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਵਾਉਣ ਲਈ ਡਾਕਟਰ ਹਰਸ਼ ਵਰਧਨ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਰੋਸਾ ਹੈ ਕਿ ਏਮਜ਼ ਇੰਸਟੀਚਿਊਟ ਸ਼ੁਰੂ ਹੋਣ ਨਾਲ ਇਸ ਸ਼ਹਿਰ ਨੂੰ ਵੱਡਾ ਹੁਲਾਰਾ ਮਿਲੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਨੇ ਸਾਨੂੰ ਬਠਿੰਡਾ ਰਿਫਾਈਨਰੀ ਦਿੱਤੀ ਸੀ ਅਤੇ ਸ. ਬਾਦਲ ਇਥੇ ਸੈਂਟਰਲ ਯੂਨੀਵਰਸਿਟੀ ਲੈ ਕੇ ਆਏ ਸਨ। ਹੁਣ ਇਥੇ ਏਮਜ਼ ਆ ਗਿਆ ਹੈ। ਇੰਡਸਟਰੀ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਇਨ੍ਹਾਂ ਤਿੰਨ ਵੱਡੇ ਸੰਸਥਾਨਾਂ ਨਾਲ ਸ਼ਹਿਰ ਦੀ ਅਰਥ ਵਿਵਸਥਾ ਨੂੰ ਵੱਡਾ ਹੁਲਾਰਾ ਮਿਲੇਗਾ। ਏਮਜ਼ ਹਸਪਤਾਲ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਏਮਜ਼ ’ਚ ਓ.ਪੀ.ਡੀ. ਦੀਆਂ 11 ਸਿਹਤ ਸੇਵਾਵਾਂ ’ਚੋਂ ਅੱਜ 9 ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਏਮਜ਼ ’ਚ ਮਾਹਿਰ ਡਾਕਟਰਾਂ ਵਲੋਂ ਲੋਕਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਦੇ ਮੈਡੀਕਲ ਕਾਲਜ ਦੀ ਸ਼ੁਰੂਆਤ ਪਿਛਲੇ ਸਾਲ ਹੀ ਕਰ ਦਿੱਤੀ ਗਈ ਸੀ ਅਤੇ ਹੁਣ ਨਰਸਿੰਗ ਕਾਲਜ ਵੀ ਚੱਲਾ ਦਿੱਤਾ ਗਿਆ। ਏਮਜ਼ ਦੀ ਇਸ ਸ਼ੁਰੂਆਤ ਨਾਲ ਮਾਲਵੇ ਦੇ ਲੋਕਾਂ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਆਧੁਨਿਕ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਇਸ ਦੇ ਸ਼ੁਰੂਆਤੀ ਦੌਰ ’ਚ ਮਾਹਿਰ ਡਾਕਟਰਾਂ ਵਲੋਂ ਹਰ ਦਿਨ ਵੱਡੀ ਗਿਣਤੀ ’ਚ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ।

ਇਸ ਹਸਪਤਾਲ ’ਚ ਹਰ ਤਰ੍ਹਾਂ ਦੀ ਬੀਮਾਰੀ ਦੀ ਜਾਂਚ ਅਤੇ ਰਿਸਰਚ ਕੀਤੀ ਜਾਵੇਗੀ। ਹਸਪਤਾਲ ’ਚ ਹੋਮੋਪੈਥਿਕ ਇਲਾਜ ਵੀ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਸਸਤਾ ਇਲਾਜ ਮਿਲ ਸਕੇਗਾ। ਦੱਸ ਦੇਈਏ ਕਿ ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸ਼ ਵਰਧਨ, ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਸਣੇ ਕਈ ਆਗੂ ਅਤੇ ਲੋਕ ਮੌਜੂਦ ਹਨ। ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਦਾ ਪਹਿਲੀ ਵਾਰ ਬਠਿੰਡਾ ਪੁੱਜਣ ’ਤੇ ਹਰਸਿਮਰਤ ਕੌਰ ਬਾਦਲ ਨੇ ਤਹਿ ਦਿਲੋ ਧੰਨਵਾਦ ਕੀਤਾ।  


rajwinder kaur

Content Editor

Related News