ਬਾਦਲਾਂ ਦੀ ਆਖਰੀ ''ਸਾਖ'' ਵੀ ਵਿਰੋਧੀਆਂ ਨੂੰ ਰੜਕੀ, ਨਿਸ਼ਾਨੇ ''ਤੇ ਹਰਸਿਮਰਤ ਬਾਦਲ

06/28/2020 6:36:29 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਦੇਸ਼ ਦੀ ਮੋਦੀ ਸਰਕਾਰ ਵਿਚ ਕੇਂਦਰੀ ਵਜ਼ੀਰ ਹੈ ਪਰ ਬੀਬੀ ਬਾਦਲ ਨੇ ਕੇਂਦਰ ਵਿਚ ਸਰਕਾਰ ਵਿਚ ਵਜ਼ੀਰ ਹੋਣ 'ਤੇ ਦਿੱਲੀ ਵਾਲੇ ਭਾਜਪਾ ਨੇਤਾ ਸ਼੍ਰੋਮਣੀ ਅਕਾਲੀ ਦਲ ਦੀ ਇਕ ਵੀ ਗੱਲ ਮੰਨਣ ਨੂੰ ਤਿਆਰ ਨਹੀਂ । ਜਦਕਿ ਹਰਿਆਣੇ ਚੋਣਾਂ ਵਿਚ ਮੌਕੇ ਅਕਾਲੀ ਦਲ ਨੂੰ ਮੱਖਣ 'ਚੋਂ ਵਾਲ ਵਾਂਗ ਕੱਢ ਕੇ ਪਾਸੇ ਰੱਖ ਦਿੱਤਾ ਸੀ । ਦਿੱਲੀ ਚੋਣਾਂ ਵਿਚ ਅਕਾਲੀ ਦਲ ਨੂੰ ਲਾਅਰੇ ਲਗਾ ਦਿੱਤੇ । ਉਸ ਤੋਂ ਬਾਅਦ ਵੀ ਕਈ ਮਾਮਲੇ ਅਜਿਹੇ ਆਏ ਕਿ ਭਾਜਪਾ ਵਾਲੇ ਹਾਵੀ ਹੀ ਰਹੇ । ਹੁਣ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਆਉਣ 'ਤੇ ਪੰਜਾਬ ਵਿਚ ਕਾਂਗਰਸ, 'ਆਪ', ਟਕਸਾਲੀ, ਬੈਂਸ ਭਰਾ ਅਤੇ ਹੋਰ ਪਾਰਟੀਆਂ ਇਸ ਅਸਤੀਫੇ ਖ਼ਿਲਾਫ਼ ਇਕਜੁਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਹਨੇ-ਮਿਹਣੇ ਮਾਰ ਰਹੀਆਂ ਹਨ ਤੇ ਬੀਬੀ ਹਰਸਿਮਰਤ ਬਾਦਲ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ ।

ਇਹ ਵੀ ਪੜ੍ਹੋ : ਮੁੜ ਮੰਤਰੀ ਬਣ ਕੇ ਵਾਪਸੀ ਕਰ ਸਕਦੇ ਹਨ ਨਵਜੋਤ ਸਿੱਧੂ!  

ਗੱਲ ਕੀ, ਪੰਜਾਬ ਵਿਚ ਅੱਜ ਬੀਬੀ ਬਾਦਲ ਦਾ ਅਸਤੀਫ਼ਾ ਮੰਗਣ ਸਬੰਧੀ ਹਰ ਛੋਟਾ-ਵੱਡਾ ਨੇਤਾ ਆਪਣੇ ਬਿਆਨ ਦਾਗ ਕੇ ਹਮਲੇ ਕਰ ਰਿਹਾ ਹੈ। ਜਦੋਂਕਿ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਨੇਤਾਵਾਂ ਦੇ ਬਿਆਨ ਨੂੰ ਇਕ ਪਾਸਿਓਂ ਪਾ ਕੇ ਅਤੇ ਦੂਜੇ ਪਾਸਿਓਂ ਕੱਢ ਕੇ ਸਮਾਂ ਲੰਘਾ ਰਿਹਾ ਹੈ ਪਰ ਵਿਰੋਧੀਆਂ ਵੱਲੋਂ ਆਏ ਦਿਨ ਮੰਗੇ ਜਾ ਰਹੇ ਅਸਤੀਫ਼ੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਰੇ ਲੋਕਾਂ ਵਿਚ ਇਹ ਰਾਏ ਪੈਦਾ ਹੋ ਰਹੀ ਹੈ ਕਿ ਭਾਜਪਾ ਦੇ ਨਾਲ ਅਕਾਲੀ ਦਲ ਵੀ ਬਰਾਬਰ ਦਾ ਦੋਸ਼ੀ ਹੈ । ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਬੈਠੇ ਅਕਾਲੀ ਨੇਤਾ ਹੀ ਇਕ ਦੂਜੇ ਕੋਲ ਆਖਣ ਲਗ ਪਏ ਹਨ ਕਿ ਇਕ ਤਾਂ ਬੇਅਦਬੀ ਮਾਮਲਾ, ਨਸ਼ੇ, ਰੇਤ, ਡੇਰਾ ਸਾਧ ਮੁਆਫ਼ੀ ਅਤੇ ਹੋਰ ਮਾਮਲੇ ਸਾਡਾ ਖਹਿੜਾ ਨਹੀਂ ਛੱਡ ਰਹੇ । ਹੁਣ ਤਾਂ ਚੰਗਾ ਹੋਵੇ ਕਿ ਬੀਬੀ ਬਾਦਲ ਕੇਂਦਰੀ ਮੰਤਰੀ ਵਜੋਂ ਅਸਤੀਫ਼ਾ ਦੇ ਦੇਵੇ, ਜਿਸ ਨਾਲ ਵਿਰੋਧੀ ਵੀ ਸ਼ਾਂਤ ਹੋ ਜਾਣਗੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੁਲੂਕੋਜ਼ ਬੂਸਟਰ ਮਿਲੇਗਾ ਅਤੇ ਅਕਾਲੀ ਸਫਾਂ ਵਿਚ ਨਵੀਂ ਲਹਿਰ ਅਤੇ ਲੋਕਾਂ ਵਿਚ ਬਹੁਤ ਕੁਝ ਆਖਣ ਨੂੰ ਮਿਲ ਜਾਵੇਗਾ, ਨਹੀਂ ਤਾਂ ਇਹ ਵਿਰੋਧੀ ਨੇਤਾ ਬੀਬੀ ਬਾਦਲ ਤੋਂ ਅਸਤੀਫ਼ੇ ਦੀ ਮੰਗ ਉਦੋਂ ਤੱਕ ਕਰਦੇ ਰਹਿਣਗੇ ਜਦੋਂ ਤੱਕ ਇਨ੍ਹਾਂ ਦੇ ਕਾਲਜੇ ਠੰਢ ਨਹੀਂ ਪੈ ਜਾਂਦੀ ।

ਇਹ ਵੀ ਪੜ੍ਹੋ : ਕੋਰੋਨਾ ਦੇ ਹਾਲਾਤ ਹੋਣ ਲੱਗੇ ਬਦਤਰ, ਗਿੱਦੜਬਾਹਾ ਤੋਂ ਬਾਅਦ ਹੋਰਨਾਂ ਇਲਾਕਿਆਂ 'ਚ ਬੰਦ ਦਾ ਹੋ ਸਕਦੈ ਐਲਾਨ    


Gurminder Singh

Content Editor

Related News