PM ਮੋਦੀ ਪਰਾਲੀ ਪ੍ਰਬੰਧਨ ਮਸ਼ੀਨਰੀ ਲਈ ਸੰਸਦ ਮੈਂਬਰਾਂ ਨੂੰ ਅਖਤਿਆਰੀ ਫੰਡ ਵਰਤਣ ਦੀ ਦੇਣ ਇਜਾਜ਼ਤ : ਹਰਸਿਮਰਤ
Thursday, Nov 07, 2019 - 12:44 AM (IST)
ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਸੰਸਦ ਮੈਂਬਰਾਂ ਨੂੰ ਆਪਣੇ ਅਖਤਿਆਰੀ ਕੋਟੇ (ਐੱਮ. ਪੀ. ਲੈਂਡ) 'ਚੋਂ ਆਪਣੇ ਹਲਕਿਆਂ ਦੇ ਕਿਸਾਨਾਂ ਨੂੰ ਰਹਿੰਦ-ਖੂੰਹਦ ਹਟਾਉਣ ਵਾਲੀਆਂ ਤੇ ਸੁਪਰ ਸੀਡਰ ਮਸ਼ੀਨਾਂ ਖਰੀਦਣ ਲਈ ਫੰਡ ਦੇਣ ਦੀ ਇਜਾਜ਼ਤ ਦੇਣ। ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ 'ਚ ਕੇਂਦਰੀ ਮੰਤਰੀ ਨੇ ਕਿਹਾ ਕਿ ਉੱਤਰੀ ਭਾਰਤ 'ਚ ਪਰਾਲੀ ਸਾੜਨ ਦੇ ਰੁਝਾਨ ਦਾ ਇਕ ਵੱਡਾ ਕਾਰਣ ਮਹਿੰਗੀ ਮਸ਼ੀਨਰੀ ਵੀ ਹੈ, ਜਿਸ ਨੂੰ ਗਰੀਬ ਕਿਸਾਨ ਨਹੀਂ ਖਰੀਦ ਸਕਦੇ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਦੁਆਰਾ 'ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਐੱਨ. ਸੀ. ਟੀ. 'ਚ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਮਸ਼ਨੀਰੀ ਦਾ ਵਿਸਥਾਰ ਨਾਂ ਦੀ ਸਕੀਮ ਤਹਿਤ ਕਿਸਾਨਾਂ ਨੂੰ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਸਬਸਿਡੀ ਦਿੱਤੀ ਜਾਂਦੀ ਹੈ ਪਰ ਇਨ੍ਹਾਂ ਮਸ਼ੀਨਾਂ ਦੀ ਗਿਣਤੀ ਲੋੜ ਨਾਲੋਂ ਬਹੁਤ ਘੱਟ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਇਸ ਕੰਮ ਲਈ ਲੋੜੀਂਦੀ ਮਹਿੰਗੀ ਮਸ਼ੀਨਰੀ ਦੀ ਅਣਹੋਂਦ ਕਰ ਕੇ ਕਿਸਾਨਾਂ ਕੋਲ ਫਸਲੀ ਰਹਿੰਦ-ਖੂੰਹਦ ਨੂੰ ਟਿਕਾਣੇ ਲਾਉਣ ਦਾ ਹੋਰ ਕੋਈ ਰਸਤਾ ਨਹੀਂ ਹੈ।
ਪੂਰੇ ਖੇਤਰ ਨੂੰ ਗੈਸ ਚੈਂਬਰ ਬਣਾ ਦੇਣ ਵਾਲੇ ਪਰਾਲੀ ਸਾੜਨ ਦੇ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਲੋੜੀਂਦੇ ਯਤਨ ਕਰਨ ਦੀ ਬੇਨਤੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਜੇਕਰ ਸੰਸਦ ਮੈਂਬਰ ਨੂੰ ਪੰਚਾਇਤਾਂ, ਐੱਫ. ਐੱਸ. ਓਜ਼ ਅਤੇ ਕਿਸਾਨ ਗਰੁੱਪਾਂ ਵਾਸਤੇ ਬੇਲਰਜ਼ ਅਤੇ ਦੂਜੀ ਮਸ਼ੀਨਰੀ ਖਰੀਦਣ ਦੀ ਆਗਿਆ ਦੇ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਪਰਾਲੀ ਸਾੜਨ ਦੇ ਰੁਝਾਨ ਨੂੰ ਨੱਥ ਪਵੇਗੀ।