ਸੁਖਬੀਰ ਦਾ ਭਰੇ ਸਦਨ 'ਚ ਐਲਾਨ, ਹਰਸਿਮਰਤ ਬਾਦਲ ਮੰਤਰੀ ਮੰਡਲ ਤੋਂ ਦੇਵੇਗੀ ਅਸਤੀਫਾ

Thursday, Sep 17, 2020 - 08:19 PM (IST)

ਸੁਖਬੀਰ ਦਾ ਭਰੇ ਸਦਨ 'ਚ ਐਲਾਨ, ਹਰਸਿਮਰਤ ਬਾਦਲ ਮੰਤਰੀ ਮੰਡਲ ਤੋਂ ਦੇਵੇਗੀ ਅਸਤੀਫਾ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਲੋਕਸਭਾ 'ਚ ਕਿਹਾ ਕਿ ਪਾਰਟੀ ਆਗੂ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੰਸਦ 'ਚ ਲਿਆਏ ਗਏ ਖੇਤੀ ਬਿੱਲਾਂ ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਤੋਂ ਅਸਤੀਫਾ ਦੇਵੇਗੀ। ਖੇਤੀਬਾੜੀ ਪੈਦਾਵਾਰ ਵਪਾਰ ਤੇ ਵਣਜ ਬਿੱਲ 2020 ਅਤੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਮੁੱਲ ਸਮਝੌਤੇ ਤੇ ਖੇਤੀਬਾੜੀ ਸੇਵਾਵਾਂ ਬਾਰੇ ਸਮਝੌਤੇ ਬਿੱਲ 2020 'ਤੇ ਵਿਚਾਰ ਵਟਾਂਦਰੇ 'ਚ ਹਿੱਸਾ ਲੈਂਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਉਹ ਖੇਤੀ ਸਬੰਧੀ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦੀ ਹੈ। ਸਦਨ 'ਚ ਚਰਚਾ ਦੌਰਾਨ ਕਾਂਗਰਸ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਯੂ. ਟਰਨ ਨਹੀਂ ਲਿਆ। ਬਾਦਲ ਨੇ ਕਿਹਾ ਕਿ ਅਸੀਂ ਰਾਸ਼ਟਰੀ ਲੋਕਤੰਤਰੀ ਗਠਜੋੜ ਦੇ ਸਾਥੀ ਹਾਂ। ਅਸੀਂ ਸਰਕਾਰ ਨੂੰ ਕਿਸਾਨਾਂ ਦੀ ਭਾਵਨਾ ਦੱਸ ਦਿੱਤੀ ਹੈ। ਅਸੀਂ ਇਸ ਵਿਸ਼ੇ ਨੂੰ ਹਰ ਮੰਚ 'ਤੇ ਚੁੱਕਿਆ ਅਤੇ ਅਸੀਂ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਹੋਣ ਪਰ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਅਨਾਜ ਦੇ ਮਾਮਲੇ 'ਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਮਹੱਤਵਪੂਰਣ ਯੋਗਦਾਨ ਪਾਇਆ ਹੈ।

ਪੰਜਾਬ 'ਚ ਲਗਾਤਾਰ ਸਰਕਾਰਾਂ ਨੇ ਖੇਤੀਬਾੜੀ ਢਾਂਚੇ ਨੂੰ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ ਪਰ ਇਹ ਆਰਡੀਨੈਂਸ ਉਨ੍ਹਾਂ ਦੀ 50 ਸਾਲਾਂ ਦੀ ਤਪੱਸਿਆ ਨੂੰ ਬਰਬਾਦ ਕਰ ਦੇਵੇਗਾ। ਬਾਦਲ ਨੇ ਕਿਹਾਕਿ ਮੈਂ ਐਲਾਨ ਕਰਦਾ ਹਾਂ ਕਿ ਹਰਸਿਮਰਤ ਕੌਰ ਬਾਦਲ ਸਰਕਾਰ ਤੋਂ ਅਸਤੀਫਾ ਦੇਵੇਗੀ। ਜ਼ਿਕਰਯੋਗ ਹੈ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ 'ਚ ਅਕਾਲੀ ਦਲ ਦੀ ਇਕਲੌਤੀ ਨੁਮਾਇੰਦਾ ਹੈ। ਅਕਾਲੀ ਦਲ ਭਾਜਪਾ ਦੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਹੈ


author

Deepak Kumar

Content Editor

Related News