ਸੰਸਦ ’ਚ ਕਿਸਾਨਾਂ ਦੇ ਹੱਕ ’ਚ ਗਰਜੀ ਹਰਸਿਮਰਤ ਬਾਦਲ, ਖ਼ਰਾਬ ਫ਼ਸਲਾਂ ਲਈ ਮੰਗਿਆ ਵਿੱਤੀ ਪੈਕੇਜ
Friday, Aug 05, 2022 - 04:13 PM (IST)
ਚੰਡੀਗੜ੍ਹ (ਬਿਊਰੋ) : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਤੋਂ ਪੰਜਾਬ ਲਈ ਵਿੱਤੀ ਪੈਕੇਜ ਦੀ ਮੰਗ ਕੀਤੀ ਤਾਂ ਜੋ ਹਾਲ ਹੀ ’ਚ ਭਾਰੀ ਬਰਸਾਤਾਂ ਕਾਰਨ ਹੜ੍ਹਾਂ ਅਤੇ ਵਾਰ-ਵਾਰ ਫਸਲ ਖਰਾਬ ਹੋਣ ਨਾਲ ਕਿਸਾਨਾਂ ਨੂੰ ਪਏ ਘਾਟੇ ਦਾ ਮੁਆਵਜ਼ਾ ਦਿੱਤਾ ਜਾ ਸਕੇ। ਸੰਸਦ ’ਚ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਨੂੰ ਇਹ ਬੇਨਤੀ ਵੀ ਕੀਤੀ ਕਿ ਏਮਜ਼ ਬਠਿੰਡਾ ਦੇ ਟਰੋਮਾ ਸੈਂਟਰ ਨੂੰ ਅਪਗ੍ਰੇਡ ਕਰ ਕੇ 300 ਬੈੱਡਾਂ ਦਾ ਕਰਨ ਲਈ ਵੀ ਫੰਡਾਂ ਦੀ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੰਸਥਾ ਦੇ ਐਮਰਜੈਂਸੀ ਬਲਾਕ ’ਚ ਸਿਰਫ 28 ਐਮਰਜੈਂਸੀ ਮਾਮਲਿਆਂ ਨਾਲ ਨਜਿੱਠਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚੋਂ ਤਿੰਨ ਨੈਸ਼ਨਲ ਹਾਈਵੇ ਤੇ ਦੋ ਸਟੇਟ ਹਾਈਵੇ ਲੰਘਦੇ ਹਨ, ਇਸ ਕਾਰਨ ਹਾਦਸੇ ਬਹੁਤ ਹੁੰਦੇ ਹਨ ਤੇ ਇਸ ਤੋਂ ਇਲਾਵਾ ਉਥੇ ਫੌਜੀ ਤੇ ਹਵਾਈ ਫੌਜ ਛਾਉਣੀਆਂ ਵੀ ਹਨ, ਏਮਜ਼ ਬਠਿੰਡਾ ਦਾ ਟਰੋਮਾ ਸੈਂਟਰ ਤੁਰੰਤ ਅਪਗ੍ਰੇਡ ਹੋਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਮਾਨ ਸਰਕਾਰ ਨੇ ਘਰੇਲੂ ਖਪਤਕਾਰਾਂ ਦੇ ਬਕਾਇਆ ਬਿਜਲੀ ਬਿੱਲ ਕੀਤੇ ਮੁਆਫ਼, ਨੋਟੀਫਿਕੇਸ਼ਨ ਜਾਰੀ
ਹਰਸਿਮਰਤ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਸਰਕਾਰ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਲਾਗੂ ਕਰਨ ’ਚ ਆਪਣਾ ਫਰਜ਼ ਨਿਭਾਉਣ ’ਚ ਫੇਲ੍ਹ ਰਹੀ ਹੈ ਤੇ ਕਿਵੇਂ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਦੇ 300 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਸਰਕਾਰ ਵੇਲੇ ਤੇ ਹੁਣ ‘ਆਪ’ ਸਰਕਾਰ ਵੇਲੇ ਪੰਜਾਬੀ ਇਸ ਸਿਹਤ ਬੀਮਾ ਕਵਰ ਤੋਂ ਸੱਖਣੇ ਹਨ ਕਿਉਂਕਿ ਸਰਕਾਰਾਂ ਉਸ ਬੀਮਾ ਕੰਪਨੀ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕੀਆਂ, ਜੋ ਆਪਣੇ ਠੇਕੇ ’ਚ ਡਿਫਾਲਟਰ ਹੋਈ ਹੈ। ਉਨ੍ਹਾਂ ਨੇ ਸਿਹਤ ਮੰਤਰੀ ਨੂੰ ਬੇਨਤੀ ਕੀਤੀ ਕਿ ਦੋਵੇਂ ਸਰਕਾਰੀ ਅਧਿਕਾਰੀਆਂ ਤੇ ਬੀਮਾ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਜਿਸ ਨੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਲਈ ਵਿੱਤੀ ਪੈਕੇਜ ਦੀ ਮੰਗ ਕਰਦਿਆਂ ਬਠਿੰਡਾ ਤੋਂ ਸੰਸਦ ਮੈਂਬਰ ਨੇ ਦੱਸਿਆ ਕਿ ਕਿਵੇਂ ਪਹਿਲਾਂ ਕਣਕ ਤੇ ਹੁਣ ਝੋਨੇ ਦੀ ਫਸਲ ਪਾਲਣ ’ਚ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਲਗਾਤਾਰ ਤਿੰਨ ਵਾਰ ਤੋਂ ਨਰਮੇ ਦੀ ਫਸਲ ਤਬਾਹ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ’ਚ ਹੋਵੇਗਾ ਮੇਜਰ ਧਿਆਨ ਚੰਦ ਨੂੰ ਸਮਰਪਿਤ ਸਭ ਤੋਂ ਵੱਡਾ ‘ਪੰਜਾਬ ਖੇਡ ਮੇਲਾ’ : CM ਮਾਨ
ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ’ਚ ਅਚਨਚੇਤ ਗਰਮੀ ਵਧਣ ਨਾਲ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਤੇ ਹੁਣ ਭਾਰੀ ਬਰਸਾਤਾਂ ਮਗਰੋਂ ਆਏ ਹੜ੍ਹਾਂ ਨਾਲ ਮਾਲਵਾ ਖਿੱਤੇ ’ਚ ਫਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਿੰਨ ਵਾਰ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲਿਆਂ ਕਾਰਨ ਨਰਮੇ ਦੀ ਫਸਲ ਤਬਾਹ ਹੋ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ‘ਆਪ’ ਸਰਕਾਰ ਪੀੜਤ ਕਿਸਾਨਾਂ ਵਾਸਤੇ ਕੁਝ ਵੀ ਕਰਨ ਵਿਚ ਨਾਕਾਮ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਨੂੰ ਰਾਹਤ ਦੇਣ ਦੀ ਥਾਂ ਹਵਾਈ ਦੌਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਵਰਕਰ ਰਾਹਤ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਵੀ ਇਸ ਕੰਮ ’ਚ ਯੋਗਦਾਨ ਪਾਇਆ ਹੈ ਪਰ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ ਤੇ ਵਿੱਤੀ ਪੈਕੇਜ ਨਾਲ ਹੀ ਕਿਸਾਨਾਂ ਦੇ ਨਾਲ-ਨਾਲ ਖੇਤੀ ਮਜ਼ਦੂਰਾਂ ਨੂੰ ਪਏ ਘਾਟੇ ਦੀ ਭਰਪਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ‘ਆਪ’ ਸਰਕਾਰ ਦੇ ਢਿੱਲੇ ਰਵੱਈਏ ਕਾਰਨ ਵੀ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਉਜਾਗਰ ਕੀਤਾ ਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੂੰਗੀ ਬੀਜਣ ਵਾਸਤੇ ਕਿਹਾ ਸੀ ਤੇ 7225 ਰੁਪਏ ਪ੍ਰਤੀ ਕੁਇੰਟਲ ਐੱਮ. ਐੱਸ. ਪੀ. ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੂੰ ਪ੍ਰਾਈਵੇਟ ਵਪਾਰੀਆਂ ਜੋਗਾ ਹੀ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ’ਚ ਆਈ 4 ਲੱਖ ਟਨ ਮੂੰਗੀ ਦੀ ਫਸਲ ’ਚੋਂ ਸਿਰਫ 10 ਫੀਸਦੀ ਦੀ ਖਰੀਦ ਸਰਕਾਰੀ ਏਜੰਸੀਆਂ ਨੇ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ’ਚ ਬੰਦੂਕ ਦੀ ਨੋਕ ’ਤੇ ਵੱਡੀ ਲੁੱਟ, ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ’ਚੋਂ ਲੁੱਟੇ ਲੱਖਾਂ ਰੁਪਏ